ਮੋਬਾਇਲ ਫੋਨ ਨੇ ਉਜਾੜ ਦਿੱਤੀ ਨੌਜਵਾਨ ਦੀ ਜ਼ਿੰਦਗੀ, ਜਾਣੋ ਕੀ ਹੈ ਮਾਮਲਾ

06/25/2017 3:15:53 PM


ਫਗਵਾੜਾ(ਜਲੋਟਾ)-ਫਗਵਾੜਾ ਰੇਲਵੇ ਸਟੇਸ਼ਨ ਦੇ ਲਾਗੇ ਅੱਜ ਵਾਪਰੇ ਦਰਦਨਾਕ ਹਾਦਸੇ 'ਚ 1 ਨੌਜਵਾਨ ਦੀ ਸੱਚਖੰਡ ਐਕਸਪ੍ਰੈੱਸ ਟਰੇਨ ਦੇ ਹੇਠਾਂ ਆਉਣ ਨਾਲ ਮੌਤ ਹੋ ਜਾਣ ਦੀ ਦਰਦਨਾਕ ਸੂਚਨਾ ਮਿਲੀ ਹੈ । ਸੂਚਨਾ ਅਨੁਸਾਰ ਮ੍ਰਿਤਕ ਨੌਜਵਾਨ ਜਿਸਦੀ ਪਛਾਣ ਗੁਰਜੰਟ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਾਤੜਾਂ ਜ਼ਿਲਾ ਪਟਿਆਲਾ ਵਜੋਂ ਹੋਈ ਹੈ, ਅੱਜ ਸੱਚਖੰਡ ਐਕਸਪ੍ਰੱੈਸ ਟਰੇਨ 'ਚ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਪਟਿਆਲਾ ਜਾ ਰਿਹਾ ਸੀ । ਇਸੇ ਦੌਰਾਨ ਜਦੋਂ ਟਰੇਨ ਫਗਵਾੜਾ ਪੁੱਜੀ ਤਾਂ ਅਚਾਨਕ ਟਰੇਨ ਨੂੰ ਲੱਗੇ ਝਟਕੇ ਨਾਲ ਉਸਦੀ ਜੇਬ 'ਚ ਪਿਆ ਮੋਬਾਇਲ ਫੋਨ ਸਟੇਸ਼ਨ ਦੇ ਕਰੀਬ ਜ਼ਮੀਨ 'ਤੇ ਡਿੱਗ ਗਿਆ ਜਿਸਦੇ ਬਾਅਦ ਨੌਜਵਾਨ ਜ਼ਮੀਨ 'ਤੇ ਡਿੱਗੇ ਫੋਨ ਨੂੰ ਚੁੱਕਣ ਲਈ ਬੇਹੱਦ ਸੁਸਤ ਰਫ਼ਤਾਰ 'ਚ ਚਲ ਰਹੀ ਟਰੇਨ ਤੋਂ ਹੇਠਾਂ ਉਤਰ ਗਿਆ ਪਰ ਜਦੋਂ ਉਹ ਮੋਬਾਇਲ ਫੋਨ ਚੁੱਕ ਕੇ ਵਾਪਸ ਚੱਲਦੀ ਹੋਈ ਟਰੇਨ 'ਚ ਸਵਾਰ ਹੋਣ ਲੱਗਾ ਤਾਂ ਉਸਦਾ ਪੈਰ ਫਿਸਲ ਗਿਆ ਤੇ ਉਹ ਸੱਚਖੰਡ ਟਰੇਨ ਦੇ ਹੇਠਾਂ ਕੱਟਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਇਸਦੇ ਬਾਅਦ ਉਸਨੂੰ ਬੇਹੱਦ ਨਾਜ਼ੁਕ ਹਾਲਤ 'ਚ ਰੇਲਵੇ ਪੁਲਸ ਦੀ ਟੀਮ ਨੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ, ਜਿੱਥੇ ਉਸਦੀ ਮੌਤ ਹੋ ਗਈ ਹੈ । ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ । ਰੇਲਵੇ ਪੁਲਸ ਵਾਪਰੇ ਹਾਦਸੇ ਦੀ ਜਾਂਚ ਕਰ ਰਹੀ ਹੈ ।


Related News