ਵਿਧਾਇਕ ਚੀਮਾ ਨੇ ਤਾਜ਼ਾ ਸਥਿਤੀ ਬਾਰੇ ਹੜ੍ਹ-ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

08/13/2017 7:56:40 AM

ਸੁਲਤਾਨਪੁਰ ਲੋਧੀ, (ਧੀਰ)- ਹਲਕਾ ਸੁਲਤਾਨਪੁਰ ਲੋਧੀ 'ਚ ਦਰਿਆ ਬਿਆਸ 'ਚ ਵਧੇ ਪਾਣੀ ਦੇ ਕਾਰਨ ਪੈਦਾ ਹੋਈ ਸਥਿਤੀ ਬਾਰੇ ਪਤਾ ਕਰਨ 'ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੇਰ ਸ਼ਾਮ, ਮੰਡ ਆਹਲੀ ਦੇ ਕਰਮੂਵਾਲਾ ਪੱਤਣ, ਬਾਗੂਵਾਲ ਅਮ੍ਰਿਤਪੁਰ, ਸ਼ਬਦਲਪੁਰ ਆਦਿ ਪਿੰਡਾਂ ਦਾ ਦੌਰਾ ਕੀਤਾ ਤੇ ਹੜ੍ਹ ਸਬੰਧੀ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਮੰਡ ਕਰਮਵਾਲਾ ਪੱਤਣ 'ਤੇ ਕਿਸਾਨਾਂ ਅਮਰੀਕ ਸਿੰਘ, ਕੁੰਦਨ ਸਿੰਘ ਨੇ ਵਿਧਾਇਕ ਚੀਮਾ ਨੂੰ ਦੱਸਿਆ ਕਿ ਬੀਤੇ ਦਿਨਾਂ ਤੋਂ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਕੁਝ ਘਟਿਆ ਹੈ। ਉਨ੍ਹਾਂ ਕਿਹਾ ਕਿ ਜੇ ਸਥਿਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ 'ਚ ਵੱਡੀ ਰਾਹਤ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ 'ਚ ਕਰੀਬ 1 ਦਰਜਨ ਪਿੰਡਾਂ ਦਾ ਰਕਬਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਆਪਣੇ ਤੌਰ 'ਤੇ ਹੜ੍ਹ ਤੋਂ ਬਚਣ ਲਈ ਕਾਫੀ ਉੱਚਾ ਆਰਜ਼ੀ ਬੰਨ੍ਹ ਬਣਾਇਆ ਹੋਇਆ ਹੈ ਤੇ ਜੇ ਮੰਡ ਵਾਸੀ ਵੀ ਅਜਿਹੀ ਆਪਣੇ ਤੌਰ 'ਤੇ ਪਹਿਲ ਕਰਨ ਤਾਂ ਉਨ੍ਹਾਂ ਦੀਆਂ ਫਸਲਾਂ ਜੋ ਇਸ ਸਮੇਂ ਹੜ੍ਹ ਹੇਠਾਂ ਆਈਆਂ ਹੋਈਆਂ ਬਚ ਸਕਦੀਆਂ ਹਨ। ਕਿਸਾਨਾਂ ਕਸ਼ਮੀਰ ਸਿੰਘ ਸਾਬਕਾ ਸਰਪੰਚ ਆਹਲੀ, ਬਿੱਟੂ, ਬੂਲੇ, ਬੱਗਾ ਮਿਆਣੀ, ਹਰਭਜਨ ਸਿੰਘ, ਸਮਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਆਹਲੀ ਨੇ ਵਿਧਾਇਕ ਚੀਮਾ ਨੂੰ ਅਪੀਲ ਕੀਤੀ ਕਿ ਜੇ ਸਰਕਾਰ ਇਸ ਨੂੰ ਆਤਮਾ ਸਿੰਘ ਐਂਡਵਾਸ ਧੁੱਸੀ ਬੰਨ੍ਹ ਤਲਵੰਡੀ ਚੌਧਰੀਆਂ ਦੀ ਤਰ੍ਹਾਂ ਪੱਕੇ ਤੌਰ 'ਤੇ ਬਣਾ ਦੇਣ, ਜਿਸ ਲਈ ਇਸ ਅਧੀਨ ਆਉਂਦੀ ਆਪਣੀ ਜ਼ਮੀਨ ਵੀ ਛੱਡਣ ਨੂੰ ਤਿਆਰ ਹਨ ਤਾਂਕਿ ਹਰ ਸਾਲ ਹੜ੍ਹ ਦੀ ਮਾਰ ਹੇਠਾਂ ਤੋਂ ਬਚਾਓ ਹੋ ਸਕੇ।
ਇਸ ਉਪਰੰਤ ਵਿਧਾਇਕ ਚੀਮਾ ਪਿੰਡ ਬਾਗੂਪੁਰ, ਅਮ੍ਰਿਤਪੁਰ ਆਦਿ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਕਿਸਾਨਾਂ ਆਸ਼ਾ ਸਿੰਘ ਪ੍ਰਧਾਨ ਬਲਾਕ ਪ੍ਰਪਲ, ਜਸਵਿੰਦਰ ਸਿੰਘ ਸਰਪੰਚ ਬੈਣੀ ਹੁਸੇ ਖਾਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜੌਹਲ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਸੂਜੋਕਾਲੀਆ ਨਵਦੀਪ ਸਿੰਘ ਨੰਢਾ ਸੂਜੋਕਾਲੀਆ, ਪ੍ਰੇਮ ਲਾਲ ਸਾਬਕਾ ਪੰਚਾਇਤ ਅਫ਼ਸਰ, ਚੀਮਾ ਸਰਪੰਚ ਅਮ੍ਰਿਤਪੁਰ. ਦੇਸਾ ਸਾਬਕਾ ਸਰਪੰਚ ਬੱਬੂ ਖੈੜਾ ਆਦਿ ਨੇ ਦੱਸਿਆ ਕਿ ਮੰਡ ਖੇਤਰ 'ਚ ਹਾਲੇ ਵੀ ਖਤਰਾ ਬਰਕਰਾਰ ਹੈ, ਕਿਉਂਕਿ ਪੌਂਗ ਡੈਮ ਦਾ ਪੱਧਰ ਕਾਫੀ ਉੱਪਰ ਜਾ ਚੁੱਕਾ ਹੈ ਤੇ ਜੇ ਹਿਮਾਚਲ 'ਚ ਲਗਾਤਾਰ ਬਰਸਾਤ ਇਸ ਤਰ੍ਹਾਂ ਹੀ ਹੁੰਦੀ ਰਹੀ ਤਾਂ ਖਤਰਾ ਵਧ ਵੀ ਸਕਦਾ ਹੈ।
ਕੀ ਕਹਿੰਦੇ ਹਨ ਵਿਧਾਇਕ ਚੀਮਾ- ਇਸ ਮੌਕੇ ਵਿਧਾਇਕ ਚੀਮਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਤੇ ਮੈਂ ਰੋਜ਼ਾਨਾ ਪ੍ਰਸ਼ਾਸਨ ਤੇ ਡਰੇਨਜ਼ ਵਿਭਾਗ ਤੋਂ ਪਲ-ਪਲ ਦੀ ਰਿਪੋਰਟ ਲੈ ਰਿਹਾ ਹੈ ਤੇ ਸਾਰੀ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੀਤੇ ਦਿਨ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਮੁਲਾਕਾਤ ਹੋਈ ਹੈ ਤੇ ਉਨ੍ਹਾਂ ਨੂੰ ਮੈਂ ਸਾਰੀ ਸਥਿਤੀ ਬਾਰੇ ਜਾਣੂੰ ਕਰਵਾਇਆ। ਵਿਧਾਇਕ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ. ਡੀ. ਐੱਮ. ਡਾ. ਚਾਰੂਮਿਤਾ, ਡੀ. ਐੱਸ. ਪੀ. ਵਰਿਆਮ ਸਿੰਘ, ਐੱਸ. ਐੱਚ. ਓ. ਕਬੀਰਪੁਰ ਜੋਗਿੰਦਰ ਸਿੰਘ, ਦੀਪਕ ਧੀਰ ਰਾਜੂ ਪ੍ਰਦੇਸ਼ ਪੰਜਾਬ ਸਕੱਤਰ, ਡਿੰਪਲ ਟੰਡਨ, ਨਰਿੰਦਰ ਸਿੰਘ ਜੈਨਪੁਰ, ਬਲਵਿੰਦਰ ਸਿੰਘ ਫੱਤੋਵਾਲ ਆਦਿ ਹਾਜ਼ਰ ਸਨ।


Related News