ਮਾਂ ਦੀ ਇਸ ਘਟੀਆ ਕਰਤੂਤ ਤੋਂ ਪਰੇਸ਼ਾਨ ਬੇਟੀ ਨੇ ਚੁੱਕਿਆ ਖੌਫਨਾਕ ਕਦਮ

08/17/2017 10:44:13 AM

ਮੋਗਾ - ਜ਼ਿਲੇ ਅਧੀਨ ਪੈਂਦੇ ਇਕ ਪਿੰਡ ਦੀ ਇਕ ਨਾਬਾਲਗ ਲੜਕੀ ਨੇ ਆਪਣੀ ਮਾਂ ਵੱਲੋਂ ਪ੍ਰੇਮੀ ਨਾਲ ਫਰਾਰ ਹੋਣ 'ਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪਿੰਡ ਦੀ ਮਹਿਲਾ ਸਰਪੰਚ ਨੇ ਦੱਸਿਆ ਕਿ ਉਸ ਦੇ ਬੇਟੇ ਨਛੱਤਰ ਸਿੰਘ ਦਾ ਵਿਆਹ ਮਨਦੀਪ ਕੌਰ ਨਾਲ ਹੋਇਆ ਸੀ, ਜਿਸ ਦੇ ਦੋ ਬੇਟੇ ਅਤੇ ਇਕ ਬੇਟੀ ਸੀ। ਉਸ ਦੀ ਨੂੰਹ ਦੇ ਪਿੰਡ ਦੇ ਹੀ ਇਕ ਲੜਕੇ ਪ੍ਰਿਤਪਾਲ ਸਿੰਘ ਨਾਲ ਲੰਬੇ ਸਮੇਂ ਤੋਂ ਨਾਜਾਇਜ਼ ਸੰਬੰਧ ਚੱਲਦੇ ਆ ਰਹੇ ਹਨ। ਅਸੀਂ ਉਸ ਨੂੰ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਉਸ ਨੇ ਕੋਈ ਗੱਲ ਨਾ ਸੁਣੀ। ਉਹ ਬੀਤੇ 15 ਦਿਨ ਪਹਿਲਾਂ ਆਪਣੇ ਕਥਿਤ ਪ੍ਰੇਮੀ ਨਾਲ ਬੱਚਿਆਂ ਨੂੰ ਛੱਡ ਕੇ ਫਰਾਰ ਹੋ ਗਈ, ਜਿਸ 'ਤੇ ਮੇਰੀ ਨਾਬਾਲਗ (17) ਪੋਤੀ, ਜੋ 11ਵੀਂ ਕਲਾਸ ਦੀ ਵਿਦਿਆਰਥਣ ਸੀ, ਨੇ ਸ਼ਰਮ ਦੇ ਮਾਰੇ ਘਰ ਵਿਚ ਹੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ 'ਤੇ ਉਸ ਦੀ ਹਾਲਤ ਵਿਗੜਨ ਕਰ ਕੇ ਉਸ ਨੂੰ ਕੋਟ ਈਸੇ ਖਾਂ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਸ ਨੇ ਕਿਹਾ ਕਿ ਮੇਰੀ ਪੋਤੀ ਨੇ ਮਾਂ ਦੇ ਕਥਿਤ ਪ੍ਰੇਮ ਸੰਬੰਧਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। 
ਕੀ ਹੋਈ ਪੁਲਸ ਕਾਰਵਾਈ
ਘਟਨਾ ਦੀ ਜਾਣਕਾਰੀ ਮਿਲਣ 'ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਕਰਨ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਮ੍ਰਿਤਕਾ ਦੀ ਦਾਦੀ ਮਹਿਲਾ ਸਰਪੰਚ ਦੀ ਸ਼ਿਕਾਇਤ 'ਤੇ ਉਸ ਦੀ ਨੂੰਹ ਮਨਦੀਪ ਕੌਰ ਅਤੇ ਉਸ ਦੇ ਪ੍ਰੇਮੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News