ਨਾਬਾਲਗ ਲੜਕੀ ਨੂੰ ਅਗਵਾ ਕਰਕੇ ਜ਼ਬਰੀ ਵਿਆਹ ਕਰਵਾਉਣ ਦਾ ਯਤਨ, ਮਾਮਲਾ ਦਰਜ

08/14/2017 4:08:03 PM

ਮੋਗਾ (ਆਜ਼ਾਦ) : ਬਾਘਾਪੁਰਾਣਾ ਨਿਵਾਸੀ ਇਕ ਨਾਬਾਲਗ ਲੜਕੀ ਨੂੰ ਖੋਸਾ ਕੋਟਲਾ ਨਿਵਾਸੀ ਬੀਜਾ ਸਿੰਘ ਵੱਲੋਂ ਅਗਵਾ ਕਰਕੇ ਲੈ ਜਾਣ ਅਤੇ ਉਸ ਨਾਲ ਜ਼ਬਰੀ ਵਿਆਹ ਕਰਵਾਉਣ ਦਾ ਯਤਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
14-15 ਸਾਲਾ ਨਾਬਾਲਿਗ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ 5 ਅਗਸਤ ਨੂੰ ਸਵੇਰੇ 7 ਵਜੇ ਦੇ ਕਰੀਬ ਜਦੋਂ ਆਪਣੇ ਭਰਾ ਨੂੰ ਰੱਖੜੀ ਲੈਣ ਲਈ ਬਾਜ਼ਾਰ ਜਾ ਰਹੀ ਸੀ ਤਾਂ ਨਿਹਾਲ ਸਿੰਘ ਵਾਲਾ ਰੋਡ 'ਤੇ ਕਥਿਤ ਦੋਸ਼ੀ ਬੀਜਾ ਸਿੰਘ ਮੋਟਰ ਸਾਈਕਲ 'ਤੇ ਆਇਆ ਤੇ ਮੈਨੂੰ ਘੇਰ ਕੇ ਮੇਰੇ ਥੱਪੜ ਮਾਰੇ ਤੇ ਆਪਣੇ ਮੋਟਰ ਸਾਈਕਲ 'ਤੇ ਜ਼ਬਰਦਸਤੀ ਬਿਠਾ ਕੇ ਆਪਣੇ ਘਰ ਲੈ ਗਿਆ। ਜਿੱਥੇ ਉਸਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਛੱਡ ਦਿਓ, ਪ੍ਰੰਤੂ ਉਨ੍ਹਾਂ ਮੇਰੀ ਕੋਈ ਗੱਲ ਨਹੀਂ ਸੁਣੀ। ਕਥਿਤ ਦੋਸ਼ੀ ਮੈਨੂੰ 9 ਅਗਸਤ ਨੂੰ ਵਿਆਹ ਕਰਵਾਉਣ ਲਈ ਮੋਗਾ ਕਚਹਿਰੀ ਵਿਚ ਲੈ ਗਿਆ। ਪੀੜਤ ਨੇ ਦੱਸਿਆ ਕਿ ਉਹ ਇੰਨਾ ਡਰ ਗਈ ਸੀ ਕਿ ਕੁੱਝ ਬੋਲ ਨਾ ਸਕੀ। ਇਸ ਦੌਰਾਨ ਮੇਰਾ ਪਿਤਾ ਤੇ ਹੋਰ ਰਿਸ਼ਤੇਦਾਰ ਜੋ ਮੇਰੀ ਤਲਾਸ਼ ਕਰਦੇ ਹੋਏ ਕਚਹਿਰੀ ਵਿਚ ਆਏ, ਜਿਨ੍ਹਾਂ ਨੂੰ ਦੇਖ ਕੇ ਉਹ ਭੱਜ ਕੇ ਉਨ੍ਹਾਂ ਕੋਲ ਚਲੀ ਗਈ। ਕਥਿਤ ਦੋਸ਼ੀ ਉਸ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਵੇਖ ਕੇ ਫਰਾਰ ਹੋ ਗਿਆ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੀ ਹੌਲਦਾਰ ਸਰਬਜੀਤ ਕੌਰ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਬੀਜਾ ਸਿੰਘ ਖਿਲਾਫ ਨਾਬਾਲਿਗ ਨੂੰ ਅਗਵਾ ਕਰਕੇ ਲਿਜਾਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News