ਮਿੰਨੀ ਫੂਡ ਪਾਰਕਾਂ ਲਈ ਕਿਸਾਨਾਂ ਨੂੰ ਮਿਲੇਗੀ 10 ਕਰੋੜ ਦੀ ਸਬਸਿਡੀ : ਹਰਸਿਮਰਤ ਬਾਦਲ

08/17/2017 7:10:34 AM

ਅੰਮ੍ਰਿਤਸਰ  (ਪੁਰੀ/ ਛੀਨਾ) - ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਅਗਾਂਹਵਧੂ ਕਿਸਾਨ ਮਿੰਨੀ ਫੂਡ ਪਾਰਕ ਸਥਾਪਿਤ ਕਰਨ ਲਈ 10 ਕਰੋੜ ਰੁਪਏ ਦੀ ਸਬਸਿਡੀ ਹਾਸਲ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਸਵੈ-ਸਹਾਇਤਾ ਅਤੇ ਸਹਿਕਾਰੀ ਗਰੁੱਪਾਂ ਵਜੋਂ ਛੋਟੇ ਪ੍ਰੋਸੈਸਿੰਗ ਯੂਨਿਟਾਂ ਰਾਹੀਂ ਦੂਜੇ ਲਾਭ ਵੀ ਲੈ ਸਕਦੇ ਹਨ।  ਸੰਪਦਾ ਪ੍ਰੋਗਰਾਮ ਜਿਸ ਦਾ ਉਦੇਸ਼ ਅਗਲੇ 3 ਸਾਲਾਂ 'ਚ ਖੁਰਾਕੀ ਵਸਤਾਂ ਦੀ ਕਦਰ ਵਧਾਉਣ ਲਈ ਕਾਰੋਬਾਰੀਆਂ ਅਤੇ ਕਿਸਾਨਾਂ ਨੂੰ 6000 ਕਰੋੜ ਰੁਪਏ ਵੰਡਣਾ ਹੈ, ਬਾਰੇ ਇਥੇ ਅਗਾਂਹਵਧੂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕਿਸਾਨਾਂ ਨੂੰ ਕਾਰੋਬਾਰੀ ਬਣਾਉਣ ਲਈ ਇੰਨੇ ਵੱਡੇ ਪੱਧਰ 'ਤੇ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ ਗਈ। ਇਹ ਆਖਦਿਆਂ ਕਿ ਇਹ ਇਕ ਅਗਾਂਹਵਧੂ ਕਦਮ ਹੈ, ਜਿਹੜਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਮਦਦ ਕਰੇਗਾ, ਕੇਂਦਰੀ ਮੰਤਰੀ ਨੇ ਕਿਹਾ ਕਿ ਵੱਡੇ ਕਿਸਾਨ ਮੈਗਾ ਫੂਡ ਪਾਰਕਾਂ ਵਿਚ ਹਿੱਸੇਦਾਰੀ ਪਾ ਸਕਦੇ ਹਨ, ਜਿਥੇ ਉਹ 5 ਕਰੋੜ ਰੁਪਏ ਦੀ ਸਬਸਿਡੀ ਹਾਸਲ ਕਰ ਸਕਦੇ ਹਨ। ਉਹ ਆਪਣੇ ਖੁਦ ਦੇ ਮਿੰਨੀ ਪਾਰਕ ਵੀ ਸਥਾਪਿਤ ਕਰ ਸਕਦੇ ਹਨ ਜਾਂ ਇਕੱਠੇ ਰਲ ਕੇ ਫੂਡ ਪ੍ਰੋਸੈਸਿੰਗ ਯੂਨਿਟ ਲਾ ਸਕਦੇ ਹਨ, ਜਿਸ ਵਾਸਤੇ ਉਨ੍ਹਾਂ ਨੂੰ ਸਬਸਿਡੀ ਦਿੱਤੀ ਜਾਵੇਗੀ।
ਬੀਬੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਇਕ ਸਲਾਹਕਾਰੀ ਕੰਪਨੀ ਨਾਲ ਗੱਲਬਾਤ ਕੀਤੀ ਹੈ ਜੋ ਕਿ ਕਿਸਾਨਾਂ ਨੂੰ ਸੰਪਦਾ ਸਕੀਮ ਦੇ ਫਾਇਦੇ ਲੈਣ ਲਈ ਪ੍ਰਾਜੈਕਟ ਰਿਪੋਰਟਾਂ ਬਣਾਉਣ ਅਤੇ ਹੋਰ ਤਕਨੀਕੀ ਜਾਣਕਾਰੀ ਦੇਣ ਵਿਚ ਮਦਦ ਕਰੇਗੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਸਬਜ਼ੀਆਂ ਦੀ ਪ੍ਰੋਸੈਸਿੰਗ ਵਿਚ ਬਹੁਤ ਸਕੋਪ ਹੈ ਕਿਉਂਕਿ ਵਿਦੇਸ਼ੀ ਬਾਜ਼ਾਰ ਕਿਸਾਨਾਂ ਲਈ ਖੁੱਲ੍ਹਣ ਲੱਗੇ ਹਨ।
ਕੇਂਦਰੀ ਮੰਤਰੀ ਨੇ ਦਿੱਲੀ ਵਿਚ 3 ਨਵੰਬਰ ਤੋਂ 5 ਨਵੰਬਰ ਤੱਕ ਲੱਗ ਰਹੇ ਵਰਲਡ ਫੂਡ ਇੰਡੀਆ ਮੇਲੇ ਬਾਰੇ ਵੀ ਅਗਾਂਹਵਧੂ ਕਿਸਾਨਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਇਹ ਮੇਲਾ ਖੁਰਾਕ ਉਤਪਾਦਨ ਨੂੰ ਹੁਲਾਰਾ ਦੇਵੇਗਾ ਕਿਉਂਕਿ ਇਸ ਸਮਾਗਮ ਵਿਚ ਭਾਗ ਲੈ ਕੇ ਕਿਸਾਨ ਲੋੜੀਂਦਾ ਨਿਵੇਸ਼ ਅਤੇ ਸਾਂਝੇਦਾਰੀਆਂ ਹਾਸਲ ਕਰ ਸਕਦੇ ਹਨ। ਇਸ ਮੇਲੇ ਵਿਚ ਸਾਰੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਅਤੇ ਕੋਲਡ ਚੇਨ ਦੀ ਪ੍ਰਤੀਨਿਧਤਾ ਕਰਨ ਵਾਲੇ ਹਿੱਸਾ ਲੈਣਗੇ ਅਤੇ ਉਹ ਖੇਤੀ ਕਾਰੋਬਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਲਾਜਵਾਬ ਹੱਲ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮੇਲੇ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਵੱਲੋਂ ਦਿੱਤੇ ਸੱਦੇ ਦਾ ਅਜੇ ਜਵਾਬ ਦੇਣਾ ਬਾਕੀ ਹੈ। ਪੰਜਾਬ ਦੇ ਕਿਸਾਨਾਂ ਨੂੰ ਇਹ ਮੌਕਾ ਨਹੀਂ ਗਵਾਉਣਾ ਚਾਹੀਦਾ ਤੇ ਇਸ ਮੇਲੇ ਵਿਚ ਭਾਗ ਲੈਣਾ ਚਾਹੀਦਾ ਹੈ।


Related News