ਮਿਲਾਵਟੀ ਮਠਿਆਈਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹੈ ਖਿਲਵਾੜ

10/18/2017 7:04:39 AM

ਫਤਿਹਗੜ੍ਹ ਸਾਹਿਬ, (ਜ.ਬ.)- ਖੁੱਲ੍ਹੇ 'ਚ ਵਿਕ ਰਹੀਆਂ ਮਿਲਾਵਟੀ ਮਠਿਆਈਆਂ ਸਬੰਧੀ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਪਰ ਕੁਝ ਦੁਕਾਨਦਾਰਾਂ ਵੱਲੋਂ ਸ਼ਰੇਆਮ ਸੜਕ ਕਿਨਾਰੇ ਦੁਕਾਨਾਂ ਤੋਂ ਬਾਹਰ ਮਠਿਆਈਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਦੁਕਾਨਦਾਰ ਇਸ ਦੇ ਨੁਕਸਾਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਨ ਪਰ ਫਿਰ ਵੀ ਉਹ ਅਜਿਹਾ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ, ਜਦੋਂਕਿ ਸਿਹਤ ਵਿਭਾਗ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸਮੇਂ-ਸਮੇਂ ਸਿਰ ਦੁਕਾਨਾਂ 'ਤੇ ਜਾ ਕੇ ਮਠਿਆਈਆਂ ਦੇ ਸੈਂਪਲ ਵੀ ਭਰੇ ਜਾ ਰਹੇ ਹਨ।
ਕੀ ਕਹਿਣੈ ਸਿਵਲ ਸਰਜਨ ਦਾ?
ਜਦੋਂ ਇਸ ਸਬੰਧੀ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਮਿਲਾਵਟੀ ਅਤੇ ਖੁੱਲ੍ਹੇ 'ਚ ਮਠਿਆਈਆਂ ਨਹੀਂ ਵੇਚਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਦੀ ਇਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਤੇ ਨਗਰ ਕੌਂਸਲ ਦੇ ਈ.ਓ. ਦੀ ਵੀ ਡਿਊਟੀ ਲਾਈ ਗਈ ਹੈ।
ਕੀ ਕਹਿਣੈ ਡੀ. ਸੀ. ਦਾ?
ਜਦੋਂ ਇਸ ਸਬੰਧੀ ਡੀ. ਸੀ. ਕੰਵਲਪ੍ਰੀਤ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਤੇ ਕਿਸੇ ਨੂੰ ਵੀ ਮਿਲਾਵਟੀ ਤੇ ਖੁੱਲ੍ਹੇ 'ਚ ਮਠਿਆਈਆਂ ਨਹੀਂ ਵੇਚਣ ਦਿੱਤੀਆਂ ਜਾਣਗੀਆਂ ਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ। 
ਕੀ ਕਹਿਣਾ ਹੈ ਈ. ਓ. ਦਾ?
ਜਦੋਂ ਇਸ ਸਬੰਧੀ ਕਾਰਜਸਾਧਕ ਅਫ਼ਸਰ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਖੁੱਲ੍ਹੇ ਵਿਚ ਮਠਿਆਈਆਂ ਨਹੀਂ ਵੇਚਣ ਦਿੱਤੀਆਂ ਜਾਣਗੀਆਂ ਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


Related News