ਮੈਰਾਥਨ ''ਚ ਦੌੜੇ 800 ਦੌੜਾਕ

06/26/2017 7:57:19 AM

ਚੰਡੀਗੜ੍ਹ  (ਲਲਨ) - ਅੰਤਰਰਾਸ਼ਟਰੀ ਨਾਵਿਕ ਦਿਵਸ ਮੌਕੇ ਮਰੀਨ ਅਕੈਡਮੀ ਵਲੋਂ ਕਰਵਾਈ ਗਈ ਮੈਰਾਥਨ 'ਚ ਟ੍ਰਾਈਸਿਟੀ ਸਮੇਤ ਸੂਬੇ ਦੇ ਬਾਕੀ ਹਿੱਸਿਆਂ ਤੋਂ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। 800 ਦੇ ਕਰੀਬ ਦੌੜਾਕਾਂ ਨੇ ਸਵੇਰੇ ਤੜਕੇ ਚੰਡੀ ਮੰਦਰ ਤੋਂ ਸੁਖਨਾ ਝੀਲ ਤਕ ਕਰਵਾਈ ਮੈਰਾਥਨ 'ਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।ਸਵੇਰੇ 4 ਵਜੇ ਤੋਂ ਹੀ ਲੋਕ ਚੰਡੀ ਮੰਦਰ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ, ਜਦਕਿ 5. 45 ਵਜੇ ਸ਼ੁਰੂ ਹੋਈ ਇਹ ਮੈਰਾਥਨ ਕਰੀਬ 7.30 ਵਜੇ ਖ਼ਤਮ ਹੋਈ। ਇਸ ਮੈਰਾਥਨ ਦਾ ਮੁੱਖ ਮੰਤਵ ਵਿਸ਼ਵ ਭਰ ਦੇ 90 ਫੀਸਦੀ ਵਪਾਰ 'ਚ ਹਿੱਸਾ ਪਾਉਣ ਵਾਲੇ ਮਰਚੈਂਟ ਨੇਵੀ ਦੇ ਨਾਇਕਾਂ ਨੂੰ ਧੰਨਵਾਦ ਸੁਨੇਹਾ ਦੇਣਾ ਸੀ।  ਮੈਰਾਥਨ ਨੂੰ ਚਾਰ ਹਿੱਸਿਆਂ ਜਰਨਲ, ਨਾਵਿਕ, ਔਰਤਾਂ ਤੇ ਸੀਨੀਅਰ ਸਿਟੀਜ਼ਨ ਕੈਟਾਗਰੀ 'ਚ ਵੰਡਿਆ ਗਿਆ ਸੀ, ਜਿਸ 'ਚ ਪਹਿਲਾ ਇਨਾਮ 51000, ਦੂਜਾ 21,000 ਤੇ ਤੀਜਾ ਇਨਾਮ 11,000 ਰੱਖਿਆ ਗਿਆ। ਜਨਰਲ ਕੈਟਾਗਰੀ 'ਚ ਸੁਮਿਤ ਕੁਮਾਰ ਨੇ ਪਹਿਲਾ, ਦੂਜਾ ਸੰਦੀਪ ਤੇ ਤੀਜਾ ਸਥਾਨ ਪ੍ਰਕਾਸ਼ ਨੇ ਹਾਸਿਲ ਕੀਤਾ।
ਔਰਤਾਂ ਦੀ ਕੈਟਾਗਰੀ 'ਚ ਅਨੀਤਾ, ਰਮਨਜੀਤ ਕੌਰ, ਰੇਨੂੰ ਨੇ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ। ਨਾਵਿਕ ਕੈਟਾਗਰੀ 'ਚ ਵਿਸ਼ਨੂੰ, ਤਨੁਜ ਸਿਆਲ ਤੇ ਅਜੇ ਵਰਮਾ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ 'ਤੇ ਰਹੇ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨਜ਼ 'ਚ ਸ਼ਮਸ਼ੇਰ ਸਿੰਘ ਨੇ ਪਹਿਲੀ ਤੇ ਜੋਗਿੰਦਰ ਸਿੰਘ ਨੇ ਦੂਜੀ ਥਾਂ ਹਾਸਿਲ ਕੀਤੀ। ਜੇਤੂਆਂ ਨੂੰ ਇਨਾਮ ਤਕਸੀਮ ਮਸ਼ਹੂਰ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਤੇ ਮਸ਼ਹੂਰ ਕ੍ਰਿਕਟ ਖਿਡਾਰੀ ਦਿਨੇਸ਼ ਮੋਂਗੀਆ ਵਲੋਂ ਦਿੱਤੇ ਗਏ। ਇਸ ਦੌਰਾਨ ਪੂਰੇ ਰਸਤੇ 'ਚ ਖਿਡਾਰੀਆਂ ਲਈ ਹਲਕੀ-ਫੁਲਕੀ ਡਾਈਟ ਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਮੈਡੀਕਲ ਸਹੂਲਤਾਂ ਦਾ ਵੀ ਪ੍ਰਬੰਧ ਸੀ। ਮਰੀਨ ਅਕੈਡਮੀ ਦੇ ਡਾਇਰੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਜਿਥੇ ਮਰਚੈਂਟ ਨੇਵੀ ਵਿਸ਼ਵ ਪੱਧਰ 'ਤੇ ਇਕ ਬਿਹਤਰੀਨ ਕੈਰੀਅਰ ਵਜੋਂ ਜਾਣੀ ਜਾਂਦੀ ਹੈ, ਉਥੇ ਹੀ ਉੱਤਰੀ ਭਾਰਤੀ ਮਰਚੈਂਟ ਨੇਵੀ 'ਚ ਜਾਣ ਤੋਂ ਨੌਜਵਾਨ ਬਹੁਤ ਪਿੱਛੇ ਹਨ। ਨੌਜਵਾਨਾਂ ਨੂੰ ਮਰਚੈਂਟ ਨੇਵੀ ਨਾਲ ਜੋੜਨ ਲਈ ਕੀਤਾ ਗਿਆ ਇਹ ਉਪਰਾਲਾ ਪੂਰੀ ਤਰ੍ਹਾਂ ਸਫਲ ਰਿਹਾ।


Related News