150 ਗ੍ਰਾਮ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਮੇਤ ਅੱਧਾ ਦਰਜਨ ਵਿਅਕਤੀ ਕਾਬੂ

10/17/2017 4:58:44 PM

ਰਾਜਪੁਰਾ (ਮਸਤਾਨਾ) : ਡੀ. ਐਸ. ਪੀ. ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਥਾਣਾ ਸ਼ੰਭੂ ਤੇ ਥਾਣਾ ਸਿਟੀ ਦੀ ਪੁਲਸ ਵਲੋਂ ਚਲਾਏ ਗਏ ਸਪੈਸ਼ਲ ਆਪਰੇਸ਼ਨ ਦੌਰਾਨ ਵੱਖ-ਵੱਖ ਤਿੰਨ ਥਾਵਾਂ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਅੱਧਾ ਦਰਜਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ ਅਤੇ 276 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਸ਼ੰਭੂ ਵਿਚ ਤਾਇਨਾਤ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਸ ਫੋਰਸ ਸ਼ੰਭੂ ਬੈਰੀਅਰ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਕਾਰ ਵਿਚ ਸਵਾਰ ਹਰਵਿੰਦਰ ਸਿੰਘ, ਬਲਜਿੰਦਰ ਸਿੰਘ, ਲਖਵੀਰ ਸਿੰਘ ਵਾਸੀ ਗੜਸ਼ੰਕਰ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸ਼ੰਭੂ ਵਿਚ ਤਾਇਨਾਤ ਹੌਲਦਾਰ ਗੁਰਮੁਖ ਸਿੰਘ ਸਮੇਤ ਪੁਲਸ ਫੋਰਸ ਪਿੰਡ ਬਪਰੌਰ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 240 ਬੋਤਲਾਂ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ ਹੋਈ। ਪੁਲਸ ਨੇ ਕਾਰ ਵਿਚ ਸਵਾਰ ਜਸਪਾਲ ਸ਼ਰਮਾ ਵਾਸੀ ਘੱਗਾ ਅਤੇ ਹਰਿੰਦਰ ਸਿੰਘ ਵਾਸੀ ਅਲੀਪੁਰ ਅਰਾਈਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸਿਅੀ ਵਿਚ ਤਾਇਨਾਤ ਹੌਲਦਾਰ ਪ੍ਰਦੀਪ ਕੁਮਾਰ ਸਮੇਤ ਪੁਲਸ ਫੋਰਸ ਮਿਲੀ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਰਾਜਪੁਰਾ ਸਿੰਗਲਾ ਕਾਲੋਨੀ ਵਾਸੀ ਭੀਮ ਸੈਨ ਦੇ ਘਰ ਛਾਪਾ ਮਾਰ ਕੇ ਉਥੋਂ 36 ਬੋਤਲਾਂ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਡੀ. ਐਸ. ਪੀ. ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ ਨੇ ਦੱਸਿਆ ਕਿ ਗੈਰ ਕਾਨੂੰਨੀ ਤੌਰ 'ਤੇ ਨਸ਼ਾ ਵੇਚਣ ਜਾਂ ਨਸ਼ਾ ਖਰੀਦਣ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। 


Related News