ਕਬਾੜ ''ਚ ਵਿਕ ਰਿਹੈ ਪੀ. ਜੀ. ਆਈ. ਦਾ ਮੈਡੀਕਲ ਵੇਸਟ

08/18/2017 6:34:13 AM

ਚੰਡੀਗੜ੍ਹ - ਪੀ. ਜੀ. ਆਈ. 'ਚ ਗਾਰਬੇਜ ਇਕੱਠਾ ਕਰਨ ਦੀ ਆੜ 'ਚ ਮੈਡੀਕਲ ਵੇਸਟ ਸੰਸਥਾ ਤੋਂ ਬਾਹਰ ਵੇਚਿਆ ਜਾ ਰਿਹਾ ਹੈ, ਜੋ ਕਿ ਨਾ ਸਿਰਫ ਆਮ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ, ਬਲਕਿ ਪੀ. ਜੀ. ਆਈ. ਦੀ ਸੁਰੱਖਿਆ 'ਤੇ ਵੀ ਸਵਾਲ ਹੈ ਕਿਉਂਕਿ ਪੀ. ਜੀ. ਆਈ. ਦਾ ਦਾਅਵਾ ਹੈ ਕਿ ਇਥੋਂ ਮੈਡੀਕਲ ਵੇਸਟ ਬਾਹਰ ਨਹੀਂ ਜਾਂਦਾ। ਪੰਜਾਬ ਪ੍ਰਦੂਸ਼ਣ ਕੰਟਰੋਲ ਸੁਸਾਇਟੀ ਨੇ ਪੀ. ਜੀ. ਆਈ. ਨਾਲ ਲੱਗਦੇ ਨਵਾਂ ਗਰਾਓਂ ਦੇ ਪੜਛ ਇਲਾਕੇ 'ਚ ਕਬਾੜੀਏ ਦੇ ਵੱਡੇ ਪਲਾਟ 'ਚ ਰੇਡ ਕਰ ਕੇ ਟਨਾਂ ਦੇ ਹਿਸਾਬ ਨਾਲ ਮੈਡੀਕਲ ਵੇਸਟ ਜ਼ਬਤ ਕੀਤਾ ਹੈ, ਜਿਸ ਨੂੰ ਰੀ-ਸਾਈਕਲਿੰਗ ਕੀਤਾ ਜਾਣਾ ਸੀ, ਜੋ ਕਿ ਗੈਰ-ਕਾਨੂੰਨੀ ਹੈ।
ਪਟਿਆਲਾ ਤੋਂ ਆਈ ਪ੍ਰਦੂਸ਼ਣ ਕੰਟਰੋਲ ਟੀਮ ਦੇ ਮੈਂਬਰ ਪਿਊਸ਼ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੀ. ਜੀ. ਆਈ. ਦਾ ਮੈਡੀਕਲ ਵੇਸਟ ਕਬਾੜ 'ਚ ਵਿਕ ਰਿਹਾ ਹੈ, ਜਿਸ ਨਾਲ ਇਨਫੈਕਸ਼ਨ ਫੈਲ ਸਕਦੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਟੀਮ ਨੇ ਜਾਂਚ ਸ਼ੁਰੂ ਕੀਤੀ ਤੇ ਸੈਕਟਰ-15 ਤੇ 11 ਦੀ ਸੜਕ 'ਤੇ ਜਾ ਰਹੀ ਇਕ ਰੇਹੜੀ ਵਾਲੇ ਨੂੰ ਰੋਕ ਕੇ ਉਸ 'ਤੇ ਲੱਦੇ ਸਾਮਾਨ ਦੀ ਜਾਂਚ ਕੀਤੀ ਤਾਂ ਉਹ ਮੈਡੀਕਲ ਵੇਸਟ ਸੀ। ਰੇਹੜੀ ਦੇ ਨਾਲ-ਨਾਲ ਜਾ ਰਹੇ ਇਕ ਵਿਅਕਤੀ ਨੂੰ ਰੋਕਿਆ ਗਿਆ, ਜੋ ਕਿ ਮੋਟਰਸਾਈਕਲ 'ਤੇ ਸਵਾਰ ਸੀ, ਜਿਸ ਦਾ ਨਾਂ ਰਮੇਸ਼ ਹੈ। ਉਸ ਕੋਲੋਂ ਪੀ. ਜੀ. ਆਈ. ਲਈ ਗਾਰਬੇਜ ਤੇ ਸੈਨੀਟੇਸ਼ਨ ਵਰਕ ਦਾ ਕੰਮ ਕਰਨ ਵਾਲੀ ਲਾਇਨ ਸਰਵਿਸ ਲਿਮ. ਦਾ ਆਈ. ਕਾਰਡ ਵੀ ਮਿਲਿਆ ਪਰ ਉਕਤ ਕੰਪਨੀ ਦਾ ਇਕ ਜੁਲਾਈ ਤੋਂ ਪੀ. ਜੀ. ਆਈ. ਨਾਲ ਠੇਕਾ  ਖਤਮ ਹੋ ਚੁੱਕਾ ਹੈ ਤੇ ਰਮੇਸ਼ ਦਾ ਆਈ. ਕਾਰਡ ਵੀ ਐਕਸਪਾਇਰੀ ਡੇਟ ਦਾ ਸੀ, ਜੋ ਕਿ ਭੇਤ ਖੁੱਲ੍ਹਦਿਆਂ ਹੀ ਫਰਾਰ ਹੋ ਗਿਆ।
ਰੇਹੜੀ 'ਤੇ 9 ਬੈਗ ਮੈਡੀਕਲ ਵੇਸਟ ਦੇ ਲੱਦੇ ਹੋਏ ਸਨ, ਜੋ ਕਿ ਪੀ. ਜੀ. ਆਈ. ਤੋਂ ਬਾਹਰ ਲਿਆਂਦੇ ਗਏ ਸਨ। ਟੀਮ ਉਕਤ ਰੇਹੜੀ ਚਾਲਕ ਨੂੰ ਲੈ ਕੇ ਉਸ ਕਬਾੜੀਏ ਤਕ ਪਹੁੰਚੀ, ਜਿੱਥੇ ਮੈਡੀਕਲ ਵੇਸਟ ਪਹੁੰਚਾਇਆ ਜਾਣਾ ਸੀ। ਟੀਮ ਨੇ ਨਵਾਂ ਗਰਾਓਂ ਪੁਲਸ ਥਾਣੇ ਤੋਂ ਪੁਲਸ ਨੂੰ ਨਾਲ ਲੈ ਕੇ ਪੜਛ 'ਚ ਸਥਿਤ ਇਕ ਵੱਡੇ ਪਲਾਟ 'ਚ ਰੇਡ ਕੀਤੀ, ਜਿਥੇ ਕਬਾੜ ਦਾ ਗੋਦਾਮ ਮਿਲਿਆ, ਜੋ ਕਿ ਗੋਬਿੰਦ ਨਾਂ ਦੇ ਵਿਅਕਤੀ ਦਾ ਹੈ। ਗੋਬਿੰਦ ਵੀ ਮੌਕੇ 'ਤੇ ਨਹੀਂ ਮਿਲਿਆ। ਉਥੇ ਮੌਜੂਦ ਹੋਰ ਲੋਕ ਵੀ ਭੱਜ ਗਏ। ਗੋਬਿੰਦ ਨਾਲ ਕਈ ਵਾਰ ਟੀਮ ਤੇ ਪੁਲਸ ਨੇ ਸੰਪਰਕ ਕੀਤਾ ਪਰ ਉਹ ਬਹਾਨੇ ਬਣਾਉਂਦਾ ਹੋਇਆ ਮੌਕੇ 'ਤੇ ਨਹੀਂ ਆਇਆ, ਜਿਸ ਤੋਂ ਬਾਅਦ ਟੀਮ ਨੇ ਗੋਦਾਮ 'ਚੋਂ ਮੈਡੀਕਲ ਵੇਸਟ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਤਕ ਤਿੰਨ ਟਰੱਕ ਮੈਡੀਕਲ ਵੇਸਟ ਉਥੋਂ ਚੁੱਕਿਆ ਜਾ ਚੁੱਕਾ ਸੀ। ਜਿੰਦਲ ਅਨੁਸਾਰ ਸ਼ੁੱਕਰਵਾਰ ਨੂੰ ਵੀ ਮੁਹਿੰਮ ਜਾਰੀ ਰਹੇਗੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਜੇ 8 ਤੋਂ 10 ਟਰੱਕ ਮੈਡੀਕਲ ਵੇਸਟ ਗੋਦਾਮ 'ਚ ਪਿਆ ਹੈ।
ਮੈਡੀਕਲ ਵੇਸਟ ਪੀ. ਜੀ. ਆਈ. ਦਾ ਹੋਣ ਦੇ ਮਿਲੇ ਸਬੂਤ
ਪ੍ਰਦੂਸ਼ਣ ਕੰਟਰੋਲ ਟੀਮ ਦੀ ਰੇਡ ਦੌਰਾਨ ਗੋਦਾਮ ਵਿਚੋਂ ਮਿਲੇ ਮੈਡੀਕਲ ਵੇਸਟ ਵਿਚ ਕਈ ਮਰੀਜ਼ਾਂ ਦਾ ਮੈਡੀਕਲ ਰਿਕਾਰਡ ਵੀ ਮਿਲਿਆ ਹੈ, ਜੋ ਕਿ ਪੀ. ਜੀ. ਆਈ. ਦਾ ਹੈ। ਕਈ ਗੁਲੂਕੋਜ਼ ਦੀਆਂ ਬੋਤਲਾਂ ਵਿਚ ਤੇ ਖਾਲੀ ਕਨਟੇਨਰਾਂ ਵਿਚ ਵੀ ਪੀ. ਜੀ. ਆਈ. ਸਪਲਾਈ ਦਾ ਸਟੈਂਪਿੰਗ ਹੈ। ਇਹੀ ਨਹੀਂ ਸੇਫਟੀ ਗਲਵਜ਼, ਸਰਿੰਜ ਤੇ ਹੋਰ ਪਲਾਸਟਿਕ ਮੈਡੀਕਲ ਵੇਸਟ ਵਿਚ ਵੀ ਇਹ ਪੀ. ਜੀ. ਆਈ. ਦੇ ਹੋਣ ਦੇ ਸਬੂਤ ਮਿਲੇ ਹਨ। ਪਿਊਸ਼ ਜਿੰਦਲ ਅਨੁਸਾਰ ਹੋ ਸਕਦਾ ਹੈ ਕਿ ਇਹ ਮੈਡੀਕਲ ਵੇਸਟ ਪੀ. ਜੀ. ਆਈ. ਤੋਂ ਇਲਾਵਾ ਕਿਸੇ ਹੋਰ ਥਾਂ ਤੋਂ ਵੀ ਆਉਂਦਾ ਹੋਵੇ ਪਰ ਪੀ. ਜੀ. ਆਈ. ਦਾ ਮੈਡੀਕਲ ਵੇਸਟ ਵੀ ਜ਼ਬਤ ਸਾਮਾਨ 'ਚ ਮੌਜੂਦ ਹੈ।
ਕਾਲੇ ਤੇ ਲਾਲ ਲਿਫਾਫਿਆਂ ਦੀ ਹੈ ਖੇਡ
'ਜਗ ਬਾਣੀ' ਦੀ ਟੀਮ ਨੇ ਵੀ ਮਾਮਲੇ ਦੀ ਤਫ਼ਤੀਸ਼ ਕੀਤੀ ਤੇ ਜਾਣਨ ਦਾ ਯਤਨ ਕੀਤਾ ਕਿ ਪੀ. ਜੀ. ਆਈ. ਦੀ ਟਾਈਟ ਸਕਿਓਰਿਟੀ ਦੇ ਬਾਵਜੂਦ ਉਕਤ ਵੇਸਟ ਸੰਸਥਾ ਤੋਂ ਬਾਹਰ ਕਿੰਝ ਆਇਆ? ਜਾਂਚ ਕਰਨ 'ਤੇ ਪਤਾ ਲੱਗਾ ਕਿ ਪੀ. ਜੀ. ਆਈ. ਦਾ ਸੈਨੀਟੇਸ਼ਨ ਦਾ ਕਾਂਟ੍ਰੈਕਟ ਵੱਖ-ਵੱਖ ਕੰਪਨੀਆਂ ਕੋਲ ਹੈ। ਆਮ ਕੂੜਾ ਤੇ ਕਚਰਾ ਹੋਰ ਕੰਪਨੀ ਇਕੱਠਾ ਕਰਦੀ ਹੈ ਤੇ ਮੈਡੀਕਲ ਵੇਸਟ ਕੋਈ ਹੋਰ ਕੰਪਨੀ। ਮੈਡੀਕਲ ਵੇਸਟ ਲਈ ਲਾਲ ਰੰਗ ਦਾ ਲਿਫਾਫਾ ਵਰਤਿਆ ਜਾਂਦਾ ਹੈ, ਜਦਕਿ ਆਮ ਕੂੜਾ ਕਾਲੇ ਬੈਗ ਵਿਚ ਪਾ ਕੇ ਪ੍ਰੋਸੈਸਿੰਗ ਲਈ ਪਲਾਂਟ ਤਕ ਜਾਂਦਾ ਹੈ।  ਇਥੇ ਦੋਵੇਂ ਕੰਪਨੀਆਂ ਦੇ ਵਰਕਰਾਂ ਵਿਚ ਮਿਲੀਭੁਗਤ ਸਾਹਮਣੇ ਆਈ ਕਿਉਂਕਿ ਜੋ ਮੈਡੀਕਲ ਵੇਸਟ ਗੋਦਾਮ 'ਚੋਂ ਜ਼ਬਤ ਕੀਤਾ ਗਿਆ ਹੈ, ਉਹ ਕਾਲੇ ਬੈਗਾਂ ਵਿਚ ਹੈ, ਜਿਸਦੇ ਅੰਦਰ ਲਾਲ ਬੈਗ ਹੈ। ਭਾਵ ਕਾਲੇ ਬੈਗ ਦੀ ਆੜ ਵਿਚ ਮੈਡੀਕਲ ਵੇਸਟ ਪੀ. ਜੀ. ਆਈ. ਤੋਂ ਬਾਹਰ ਆ ਰਿਹਾ ਸੀ।


Related News