ਪੁੱਡਾ ਵੱਲੋਂ ਜਾਰੀ ਕੀਤੀ ਸੂਚੀ ਨੇ ਪੈਲੇਸ ਮਾਲਕਾਂ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

09/21/2017 7:12:16 AM

ਗੁਰਦਾਸਪੁਰ  (ਹਰਮਨਪ੍ਰੀਤ ਸਿੰਘ) - ਪੰਜਾਬ 'ਚ ਚੱਲ ਰਹੇ ਹਜ਼ਾਰਾਂ ਮੈਰਿਜ ਪੈਲੇਸਾਂ ਨਾਲ ਸਬੰਧਿਤ ਮਾਪਦੰਡਾਂ ਦੀ ਪੂਰਤੀ ਲਈ ਮਾਣਯੋਗ ਅਦਾਲਤ ਵੱਲੋਂ ਕੀਤੀ ਜਾ ਰਹੀ ਸਖ਼ਤੀ ਦੇ ਬਾਅਦ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਪੁੱਡਾ ਵੱਲੋਂ ਅੱਜ ਪੰਜਾਬ ਭਰ ਦੇ ਸਿਰਫ਼ 101 ਅਧਿਕਾਰਤ ਪੈਲੇਸਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੁੱਡਾ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਦੇ ਜਨਤਕ ਹੁੰਦਿਆਂ ਹੀ ਸੈਂਕੜੇ ਮੈਰਿਜ ਪੈਲੇਸਾਂ ਦੇ ਪ੍ਰਬੰਧਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਚੱਲ ਰਹੇ ਮੈਰਿਜ ਪੈਲੇਸਾਂ 'ਚ ਲੋਕਾਂ ਦੀ ਸੁਰੱਖਿਆ ਤੇ ਸਹੂਲਤਾਂ ਨਾਲ ਜੁੜੇ ਅਨੇਕਾਂ ਮਾਪਦੰਡ ਪੂਰੇ ਨਾ ਹੋਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਧਿਆਨ 'ਚ ਆਉਣ ਉਪਰੰਤ ਅਦਾਲਤ ਵੱਲੋਂ ਇਸ ਮਾਮਲੇ 'ਚ ਸਰਕਾਰ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਸਨ, ਜਿਸ ਕਾਰਨ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਵੱਖ-ਵੱਖ ਪੱਧਰ 'ਤੇ ਗਠਿਤ ਕੀਤੀਆਂ ਗਈਆਂ ਟੀਮਾਂ ਤੇ ਕਮੇਟੀਆਂ ਨੇ ਕਈ ਮੈਰਿਜ ਪੈਲੇਸਾਂ ਨੂੰ ਸੀਲ ਵੀ ਕਰ ਦਿੱਤਾ ਸੀ।
ਖ਼ਾਸ ਤੌਰ 'ਤੇ ਪੈਲੇਸਾਂ ਵਿਚ ਅੱਗ ਬੁਝਾਉਣ, ਪਾਰਕਿੰਗ ਅਤੇ ਹੋਰ ਮਾਪਦੰਡਾਂ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਸੀ ਅਤੇ ਨਾਲ ਹੀ ਸਰਕਾਰ ਵੱਲੋਂ ਨਿਰਧਾਰਿਤ ਫ਼ੀਸਾਂ ਸਮੇਂ ਸਿਰ ਜਮ੍ਹਾ ਨਾ ਕਰਵਾਉਣ ਵਾਲੇ ਪੈਲੇਸ ਮਾਲਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਸੀ। ਸਾਰੀਆਂ ਸ਼ਰਤਾਂ ਪੂਰੀਆਂ ਕਰ ਕੇ ਹਰੇਕ ਪੈਲੇਸ ਨੂੰ ਵੱਖ-ਵੱਖ ਵਿਭਾਗਾਂ ਕੋਲੋਂ ਕਰੀਬ 11 ਇਤਰਾਜ਼ਹੀਣਤਾ ਸਰਟੀਫਿਕੇਟਾਂ ਸਮੇਤ ਕਈ ਕਾਰਵਾਈਆਂ ਕਰਨੀਆਂ ਪੈਂਦੀਆਂ ਹਨ। ਇਸ ਤਰ੍ਹਾਂ ਜਿਹੜੇ ਪੈਲੇਸ ਮਾਲਕਾਂ ਨੇ ਇਹ ਕਾਰਵਾਈਆਂ ਮੁਕੰਮਲ ਕਰ ਲਈਆਂ ਹਨ, ਉਨ੍ਹਾਂ ਸਬੰਧੀ ਕਾਰਵਾਈ ਕਰਦਿਆਂ ਅੱਜ ਪੁੱਡਾ ਨੇ ਸਿਰਫ਼ 101 ਪ੍ਰਵਾਨਿਤ ਮੈਰਿਜ ਪੈਲੇਸਾਂ ਦੀ ਸੂਚੀ ਜਾਰੀ ਕੀਤੀ ਹੈ, ਜਦਕਿ ਬਾਕੀ ਦੇ ਪੈਲੇਸਾਂ ਨੂੰ ਵੱਖ-ਵੱਖ ਮਾਪਦੰਡ ਪੂਰੇ ਕਰ ਕੇ ਲੋੜੀਂਦੇ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਲਈ ਇਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ।
ਇਸ ਸੂਚੀ ਤਹਿਤ ਅੰਮ੍ਰਿਤਸਰ ਡਿਵੈੱਲਪਮੈਂਟ ਅਥਾਰਟੀ ਅਧੀਨ ਸਿਰਫ਼ 6 ਮੈਰਿਜ ਪੈਲੇਸ ਪ੍ਰਵਾਨਿਤ ਦਰਸਾਏ ਗਏ ਹਨ, ਜਿਨ੍ਹਾਂ ਵਿਚ ਗੁਰਦਾਸਪੁਰ ਦੇ ਕ੍ਰਿਸਟਲ ਫਾਰਮ ਅਤੇ ਮਹਿੰਦਰਾ ਗ੍ਰੀਨ ਲੈਂਡ ਤੋਂ ਇਲਾਵਾ ਐੱਨ. ਐੱਮ. ਗਾਰਡਨ ਘੁੰਮਣ ਕਲਾਂ, ਐੱਸ. ਆਰ. ਰਿਜ਼ੋਰਟਸ ਸੁੰਦਰ ਨਗਰ, ਐੱਸ. ਐੱਸ. ਚੱਢਾ, ਤਾਰਾਗੜ੍ਹ, ਸੰਯੋਗ ਪੈਲੇਸ ਪੱਖੋ ਚੱਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਲੰਧਰ ਡਿਵੈੱਲਪਮੈਂਟ ਅਥਾਰਟੀ ਅਧੀਨ ਪ੍ਰਵਾਨਿਤ ਪੈਲੇਸਾਂ ਦੀ ਗਿਣਤੀ ਸਿਰਫ਼ 7 ਹੈ, ਜਦਕਿ ਮੋਹਾਲੀ ਅਧੀਨ 20, ਗ੍ਰੇਟਰ ਲੁਧਿਆਣਾ ਅਧੀਨ 33, ਪਟਿਆਲਾ ਅਧੀਨ 20 ਅਤੇ ਬਠਿੰਡਾ ਡਿਵੈੱਲਪਮੈਂਟ ਅਧੀਨ ਸਿਰਫ਼ 1 ਪੈਲੇਸ ਹੈ।


Related News