ਮੈਨਹੋਲਾਂ ਦੇ ਖੁੱਲ੍ਹੇ ਢੱਕਣ ਦੇ ਰਹੇ ਨੇ ਕਿਸੇ ਵੱਡੇ ਹਾਦਸੇ ਨੂੰ ਸੱਦਾ

01/17/2018 7:32:37 AM

ਤਰਨਤਾਰਨ,  (ਚਮੇਲ)- ਜ਼ਿਲਾ ਤਰਨਤਾਰਨ ਦੀ ਵਾਰਡ ਨੰਬਰ-22 ਦੀਆਂ ਗਲੀਆਂ 'ਚ ਬਣੇ ਮੈਨਹੋਲਾਂ 'ਤੇ ਕਈ ਮਹੀਨੇ ਬੀਤ ਜਾਣ 'ਤੇ ਵੀ ਢੱਕਣ ਨਹੀਂ ਰੱਖੇ ਗਏ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਬਾਰੇ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ।
ਕੌਂਸਲਰ ਨਰਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਇਸ ਵਾਰਡ ਦਾ ਕੋਈ ਕੰਮ ਨਹੀਂ ਹੋ ਰਿਹਾ ਅਤੇ ਨਗਰ ਕੌਂਸਲ 'ਚ ਕੋਈ ਯੋਗ ਅਫਸਰ ਨਾ ਹੋਣ ਕਰ ਕੇ ਕੋਈ ਅਧਿਕਾਰੀ ਕੰਮ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਨਹੋਲਾਂ ਦੇ ਢੱਕਣ ਰਖਾਉਣ ਲਈ ਈ. ਓ. ਨਗਰ ਕੌਂਸਲ ਤਰਨਤਾਰਨ ਤੱਕ ਵੀ ਪਹੁੰਚ ਕੀਤੀ ਗਈ ਪਰ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਜਲਦ ਤੋਂ ਜਲਦ ਮੈਨਹੋਲਾਂ ਦੇ ਢੱਕਣ ਰਖਵਾਏ ਜਾਣ। ਇਸ ਸਬੰਧੀ ਈ. ਓ. ਮਨਮੋਹਨ ਸਿੰਘ ਰੰਧਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਚੈੱਕ ਕਰਵਾ ਲੈਂਦਾ ਹਾਂ ਅਤੇ ਇਸ ਮਸਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।


Related News