ਮੱਲੂਨੰਗਲ ਦੇ ਵਸਨੀਕ ਇਕ ਪਰਿਵਾਰ ''ਤੇ ਰਿਸ਼ਤੇਦਾਰਾਂ ਵੱਲੋਂ ਕਾਤਲਾਨਾ ਹਮਲਾ ਕਰਨ ਦਾ ਦੋਸ਼

08/18/2017 6:46:17 AM

ਚੇਤਨਪੁਰਾ/ਰਾਜਾਸਾਂਸੀ,  (ਨਿਰਵੈਲ)-  ਕਮੇਟੀ ਦੀ ਰਾਸ਼ੀ ਦੇ ਭੁਗਤਾਨ ਤੇ ਕਮੇਟੀ ਦੀ ਰਕਮ ਦੇ ਲੈਣ ਦੇਣ ਤੋਂ ਪਿੰਡ ਮੱਲੂਨੰਗਲ ਦੇ ਵਸਨੀਕ ਇਕ ਪਰਿਵਾਰ 'ਤੇ ਪਿੰਡ ਬੂਆਨੰਗਲੀ ਦੇ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਕਾਤਲਾਨਾ ਹਮਲਾ ਕਰ ਕੇ 2 ਵਿਅਕਤੀਆਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਪੀੜਤ ਪਰਿਵਾਰ ਸਵਿੰਦਰ ਸਿੰਘ ਪੁੱਤਰ ਮੰਗਲ ਰਾਮ ਵਾਸੀ ਮੱਲੂਨੰਗਲ ਨੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸੰਤੋਖ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਮੰਗਲ ਸਿੰਘ ਧਰਮਕੋਟ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕੁਲਵੰਤ ਸਿੰਘ ਮੱਲੂਨੰਗਲ ਦੀ ਹਾਜ਼ਰੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਹੋਏ ਹਮਲੇ ਸਬੰਧੀ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਜੀਜੇ ਕਾਬਲ ਸਿੰਘ ਤੇ ਉਸ ਦੇ ਪੁੱਤਰ ਗੁਰਨਾਮ ਸਿੰਘ ਨਾਲ ਕਮੇਟੀਆਂ ਦੀ ਰਕਮ ਤੋਂ ਕੁਝ ਦਿਨ ਪਹਿਲਾਂ ਪਿੰਡ ਮੱਲੂਨੰਗਲ ਵਿਖੇ ਹੀ ਤਕਰਾਰ ਹੋਇਆ ਸੀ।
ਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਨਾਲ ਘਰ 'ਚ ਮੌਜੂਦ ਸੀ ਕਿ ਇਸ ਤਕਰਾਰ ਦੀ ਰੰਜਿਸ਼ ਤਹਿਤ ਉਨ੍ਹਾਂ ਦੇ ਜੀਜੇ ਗੁਰਨਾਮ ਸਿੰਘ ਡੋਗਰ, ਉਨ੍ਹਾਂ ਨਾਲ ਪੁੱਜੇ ਨਿਸ਼ਾਨ ਸਿੰਘ ਰਾਜੂ ਤੇ ਕਾਬਲ ਸਿੰਘ ਵਾਸੀ ਬੂਆਨੰਗਲੀ ਨੇ ਦਰਜਨ ਦੇ ਕਰੀਬ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਤੇ ਉਨ੍ਹਾਂ ਦਾ ਪੁੱਤਰ ਸਰਬਜੀਤ ਸਿੰਘ ਤੇ ਭਤੀਜਾ ਬਿੱਲਾ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲੋਪੋਕੇ 'ਚ ਦਾਖਲ ਕਰਵਾ ਦਿੱਤਾ ਗਿਆ। ਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਮਲੇ 'ਚ ਉਸ ਦੀ ਧਰਮ ਪਤਨੀ ਤੇ 2 ਬੇਟੀਆਂ ਨੇ ਨੇੜਲੇ ਘਰ 'ਚ ਵੜ ਕੇ ਆਪਣੀ ਜਾਨ ਬਚਾਈ। ਇਸ ਸਬੰਧੀ ਪੁਲਸ ਥਾਣਾ ਰਾਜਾਸਾਂਸੀ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੀੜਤ ਪਰਿਵਾਰ ਦੇ ਹੱਕ 'ਚ ਡਟੇ ਉਕਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੁਲਸ ਥਾਣਾ ਰਾਜਾਸਾਂਸੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਤੇ ਥਾਣਾ ਰਾਜਾਸਾਂਸੀ ਦਾ ਘਿਰਾਓ ਕੀਤਾ ਜਾਵੇਗਾ। ਪੁਲਸ ਥਾਣਾ ਰਾਜਾਸਾਂਸੀ ਦੇ ਮੁਖੀ ਪ੍ਰੇਮ ਪਾਲ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਾਬਲ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ, ਬਾਕੀ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਛੇਤੀ ਹੀ ਕਾਬੂ ਕਰ ਲਏ ਜਾਣਗੇ।  ਇਸ ਸਬੰਧੀ ਦੂਜੀ ਧਿਰ ਦੇ ਕਾਬਲ ਸਿੰਘ ਪੁੱਤਰ ਗੁਰਨਾਮ ਸਿੰਘ ਡੋਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਝੂਠੇ ਮਾਮਲੇ 'ਚ ਫਸਾਇਆ ਜਾ ਰਿਹਾ ਹੈ।


Related News