ਸ਼ਹੀਦਾਂ ਦੇ ਖੂਨ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਕਿਸੇ ਵੀ ਤਰ੍ਹਾਂ ਦੀ ਗੁਲਾਮੀ ''ਚ ਬਦਲਣ ਨਹੀਂ ਦੇਵਾਂਗੇ : ਬ੍ਰਹਮ ਮਹਿੰਦਰਾ

08/17/2017 7:01:59 AM

ਖੰਨਾ  (ਕਮਲ) - ਪਿੰਡ ਈਸੜੂ ਵਿਖੇ ਖੰਨਾ ਹਲਕੇ ਦੇ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ 'ਚ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ 'ਚ ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਰੋਹ 'ਚ ਹੋਏ ਲੋਕਾਂ ਦੇ ਵਿਸ਼ਾਲ ਠਾਠਾਂ ਮਾਰਦੇ ਇਕੱਠ ਨੇ ਜਿਥੇ ਵਿਧਾਇਕ ਗੁਰਕੀਰਤ ਦੀ ਇਲਾਕੇ 'ਚ ਦਿਨੋ-ਦਿਨ ਵਧਦੀ ਜਾ ਰਹੀ ਲੋਕਪ੍ਰਿਅਤਾ 'ਤੇ ਮੋਹਰ ਲਗਾਈ ਉਥੇ ਹੀ ਲੋਕਾਂ ਦਾ ਇਹ ਵਿਸ਼ਾਲ ਇਕੱਠ ਕਾਂਗਰਸ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦੀ ਗਵਾਹੀ ਭਰਦਾ ਵੀ ਸਾਫ ਦਿਖਾਈ ਦੇ ਰਿਹਾ ਸੀ। ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕੀਤੀ ਤੇ ਅਕਾਲੀ ਦਲ ਨੂੰ ਖੁੱਲ੍ਹ ਕੇ ਰਗੜੇ ਲਗਾਏ।
ਇਸ ਸਮੇਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸ਼ਹੀਦਾਂ ਦੇ ਖੂਨ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਕਾਂਗਰਸ ਪਾਰਟੀ ਤੇ ਦੇਸ਼ ਦੇ ਲੋਕ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਗੁਲਾਮੀ 'ਚ ਤਬਦੀਲ ਨਹੀਂ ਹੋਣ ਦੇਣਗੇ। ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ ਪੰਜਾਬ ਤੇ ਇਥੋਂ ਦੇ ਲੋਕਾਂ ਨੂੰ ਆਰਥਿਕ ਗੁਲਾਮੀ ਦਾ ਸ਼ਿਕਾਰ ਬਣਾ ਦਿੱਤਾ ਗਿਆ ਹੈ, ਇਸ ਸਥਿਤੀ ਨੂੰ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਨੂੰ ਇਤਿਹਾਸ 'ਚ 'ਆਰਥਿਕ ਅੱਤਵਾਦ ਦੇ ਦੌਰ' ਦੇ ਨਾਂ ਨਾਲ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਆਪਣੇ ਨਿੱਜੀ ਲਾਭ ਲਈ ਵਰਤਿਆ ਕਿ ਅੱਜ ਪੰਜਾਬ ਆਰਥਿਕ ਤੌਰ 'ਤੇ ਟੁੱਟ ਚੁੱਕਾ ਹੈ।  ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਕਾਲੇ ਅੱਖ਼ਰਾਂ 'ਚ ਦਰਜ ਹੋਵੇਗਾ। ਉਨ੍ਹਾਂ ਪਿੰਡ ਈਸੜੂ ਦੇ ਖੇਡ ਸਟੇਡੀਅਮ ਲਈ 20 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਇੱਕ-ਇੱਕ ਵੋਟ ਦਾ ਮੁੱਲ ਮੋੜਿਆ ਜਾਵੇਗਾ। ਕਰਜ਼ਾ ਮੁਆਫ਼ੀ ਬਾਰੇ ਕੇਂਦਰ ਸਰਕਾਰ 'ਤੇ ਜ਼ਿੰਮੇਵਾਰੀ ਤੋਂ ਭੱਜਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਦੇਸ਼ ਦਾ ਢਿੱਡ ਭਰਨ ਕਰ ਕੇ ਚੜ੍ਹਿਆ ਹੈ ਜਿਸ ਨੂੰ ਰਾਸ਼ਟਰੀ ਮਸਲੇ ਵਜੋਂ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰਾ ਕਿਸਾਨੀ ਕਰਜ਼ਾ ਮੁਆਫ਼ ਕਰੇ। ਹਲਕਾ ਵਿਧਾਇਕ ਗੁਰਕੀਰਤ ਸਿੰਘ ਨੇ ਪਿੰਡ ਈਸੜੂ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸਮੇਤ ਸਾਰੀਆਂ ਸ਼ਖ਼ਸੀਅਤਾਂ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਬੁੱਤ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ।
ਇਸ ਦੌਰਾਨ ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਲਖ਼ਬੀਰ ਸਿੰਘ ਲੱਖਾ, ਵਿਧਾਇਕ ਬਲਬੀਰ ਸਿੰਘ ਸਿੱਧੂ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ ਸੁੱਖਪਾਲ ਭੁੱਲਰ, ਵਿਧਾਇਕ ਜੀ.ਪੀ. ਸਿੰਘ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ, ਰੁਪਿੰਦਰ ਸਿੰਘ ਰਾਜਾ, ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਹਰਦੇਵ ਸਿੰਘ ਰੋਸ਼ਾ, ਜਗਦੇਵ ਸਿੰਘ ਬੋਪਾਰਾਏ, ਡਾ. ਅਮਰ ਸਿੰਘ, ਕੇ.ਐੱਲ. ਸਹਿਗਲ, ਗੁਰਦੀਪ ਸਿੰਘ ਰਸੂਲੜਾ, ਜਤਿੰਦਰ ਪਾਠਕ, ਭੁਲਿੰਦਰ ਸਿੰਘ ਭੰਡਾਲ, ਅਸ਼ੋਕ ਤਿਵਾੜੀ, ਰਫੀਕ ਮੁਹੰਮਦ, ਸੰਜੇ ਘਈ, ਰਾਜੀਵ ਮਹਿਤਾ, ਓ.ਐੱਸ.ਡੀ. ਡਾ. ਗੁਰਮੁਖ ਸਿੰਘ ਚਾਹਲ, ਲੱਖਾ ਰੌਣੀ, ਹਰਿੰਦਰ ਸਿੰਘ ਕਨੇਚ, ਗੁਰਮੀਤ ਸਿੰਘ ਭੱਟ, ਅੰਕਿਤ ਸ਼ਰਮਾ, ਸ਼ਮਸ਼ੇਰ ਸ਼ਰਮਾ, ਰਾਜਵਿੰਦਰ ਸਿੰਘ ਰਾਜੂ, ਅਮਰਜੀਤ ਸਿੰਘ ਟਿੱਕਾ, ਜ਼ਿਲਾ ਮਹਿਲਾ ਪ੍ਰਧਾਨ ਨਿਸ਼ਾ ਸ਼ਰਮਾ, ਸ਼ਕੁੰਤਲਾ ਰਾਣੀ, ਮੈਡਮ ਰਜਿੰਦਰ ਕੌਰ ਲਿਬੜਾ, ਪ੍ਰੀਆ ਧੀਮਾਨ, ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਭੁਪਿੰਦਰ ਭਿੰਦਾ, ਰਾਜਪਾਲ ਗਿੱਲ ਤੇ ਹੋਰ ਹਾਜ਼ਰ ਸਨ।


Related News