ਐੱਮ. ਪੀ. ਬਿੱਟੂ ਦੀ ਅਕਾਲੀਆਂ ਨੂੰ ਨਸੀਹਤ, ਗੁੰਡਾਗਰਦੀ ਦੀਆਂ ਆਦਤਾਂ ਛੱਡ ਦਿਓ

08/18/2017 2:21:32 AM

ਲੁਧਿਆਣਾ, (ਰਿੰਕੂ)- ਲੁਧਿਆਣਾ ਤੋਂ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਅਕਾਲੀ ਨੇਤਾਵਾਂ ਤੇ ਉਨ੍ਹਾਂ ਦੇ ਵਰਕਰਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੀ ਗੁੰਡਾਗਰਦੀ ਦੀਆਂ ਆਦਤਾਂ ਨੂੰ ਬਦਲ ਦੇਣ, ਨਹੀਂ ਤਾਂ ਉਨ੍ਹਾਂ 'ਤੇ ਸਖ਼ਤੀ ਨਾਲ ਕਾਰਵਾਈ ਹੋਵੇਗੀ, ਜਿਸ ਤੋਂ ਉਹ ਬਚ ਨਹੀਂ ਸਕਣਗੇ ਅਤੇ ਸਮਝ ਲੈਣ ਕਿ ਹੁਣ ਰਾਜ 'ਚ ਸੱਤਾ ਬਦਲ ਚੁੱਕੀ ਹੈ। 
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਚੋਹਲਾ ਸਾਹਿਬ ਪੁਲਸ ਥਾਣੇ ਵਿਚ ਕਤਲ ਕੇਸ ਵਿਚ ਨਾਮਜ਼ਦ ਕਥਿਤ ਦੋਸ਼ੀਆਂ ਨੂੰ ਜ਼ਬਰਦਸਤੀ ਛੁਡਾਉਣ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਕਾਲੀਆਂ ਨੂੰ ਆਪਣੇ ਸ਼ਾਸਨ ਕਾਲ ਦੌਰਾਨ ਹਰ ਇਕ ਕੰਮ ਵਿਚ ਗੁੰਡਾਗਰਦੀ ਕਰ ਕੇ ਆਦਤਾਂ ਪੈ ਚੁੱਕੀਆਂ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਨੂੰ 6 ਮਹੀਨਿਆਂ ਦੇ ਅੰਦਰ ਸਖ਼ਤੀ ਨਾਲ ਠੀਕ ਕੀਤਾ ਜਾਵੇਗਾ। ਐੱਮ. ਪੀ. ਨੇ ਕਿਹਾ ਕਿ ਅਕਾਲੀਆਂ ਨੂੰ ਸ਼ਾਇਦ ਇਹ ਅਹਿਸਾਸ ਕਰਨ ਵਿਚ ਮੁਸ਼ਕਿਲਾਂ ਆ ਰਹੀਆਂ ਹਨ ਕਿ ਪੰਜਾਬ ਵਿਚ ਹੁਣ ਜੰਗਲ ਰਾਜ ਨਹੀਂ, ਕਾਨੂੰਨ ਦਾ ਰਾਜ ਹੈ ਅਤੇ ਜਨਤਾ ਦੀ ਚੁਣੀ ਹੋਈ ਕਾਂਗਰਸ ਸਰਕਾਰ ਸੱਤਾ ਵਿਚ ਹੈ, ਜੋ ਇਸ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ। ਐੱਮ. ਪੀ. ਰਵਨੀਤ ਬਿੱਟੂ ਲ਼ੜਕੀਆਂ ਦੇ ਸਰਕਾਰੀ ਕਾਲਜ ਵਿਚ ਵਾਤਾਵਰਣ ਦਿਵਸ ਸਬੰਧੀ ਆਯੋਜਿਤ ਸਮਾਰੋਹ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 
ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਪੰਜਾਬ ਸਰਕਾਰ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਉੱਪਰ ਚੁੱਕਣ ਦੀ ਜ਼ਿੰਮੇਦਾਰੀ ਤੋਂ ਭੱਜ ਰਹੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਤੇਲ ਦੀਆਂ ਕੀਮਤਾਂ 'ਤੇ ਨੱਥ ਕੱਸਣ ਲਈ ਠੋਸ ਨੀਤੀ ਬਣਾਵੇ। ਬਿੱਟੂ ਨੇ ਪਿਛਲੀ ਅਕਾਲੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਗੱਠਜੋੜ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ, ਜਿਸ ਨੂੰ ਪੰਜਾਬ ਸਰਕਾਰ ਖੁਸ਼ਹਾਲ ਕਰੇਗੀ। ਇਸ ਮੌਕੇ ਵਿਧਾਇਕ ਭਾਰਤ ਭੂਸ਼ਨ ਆਸ਼ੂ, ਵਿਧਾਇਕ ਸੰਜੇ ਤਲਵਾੜ ਤੇ ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ ਵੀ ਮੌਜੂਦ ਰਹੇ।


Related News