ਲੁਧਿਆਣਾ ਤੋਂ ਭਟਕ ਕੇ ਭਨੂਪਲੀ ਪਹੁੰਚੇ ਬੱਚਿਆਂ ਨੂੰ ਮਾਪਿਆਂ ਹਵਾਲੇ ਕੀਤਾ

06/24/2017 11:14:33 AM

ਰੂਪਨਗਰ (ਵਿਜੇ)— ਚਾਈਲਡ ਲਾਈਨ ਰੂਪਨਗਰ ਨੂੰ ਪਿਛਲੇ ਦਿਨੀਂ ਦੋ ਬੱਚੇ ਪੁਲਸ ਥਾਣਾ ਸ੍ਰੀ ਆਨੰਦਪੁਰ ਸਾਹਿਬ ਤੋਂ ਮਿਲੇ, ਜਿਨ੍ਹਾਂ ਦੇ ਨਾਂ ਸਰਬਜੀਤ ਤੇ ਸਦਰ ਹਨ। ਬੱਚਿਆਂ ਨੇ ਦੱਸਿਆ ਕਿ ਉਹ ਖੰਨਾ, ਜ਼ਿਲਾ ਲੁਧਿਆਣਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਰਹਿੰਦੇ ਹਨ। ਉਹ ਘਰੋਂ ਰਾਜਪੁਰਾ ਲਈ ਟ੍ਰੇਨ 'ਚ ਚੜ੍ਹੇ ਸਨ ਪਰ ਗਲਤੀ ਨਾਲ ਸ੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਪਹੁੰਚ ਗਏ। ਇਥੋਂ ਚੱਲ ਕੇ ਇਹ ਬੱਚੇ ਭਨੂਪਲੀ ਕਸਬੇ ਤੱਕ ਪੈਦਲ ਹੀ ਪਹੁੰਚ ਗਏ, ਜਿਥੇ ਇਕ ਛੋਟੇ ਕਾਰੋਬਾਰੀ ਰਾਜਿੰਦਰ ਸਿੰਘ ਨੇ ਇਨ੍ਹਾਂ ਨੂੰ ਰੋਂਦਿਆਂ ਦੇਖਿਆ ਤੇ ਆਪਣੇ ਘਰ ਲੈ ਗਿਆ।
ਅਗਲੇ ਦਿਨ ਉਸ ਨੇ ਚਾਈਲਡ ਲਾਈਨ ਰੂਪਨਗਰ ਤੇ ਪੁਲਸ ਨਾਲ ਸੰਪਰਕ ਕੀਤਾ। ਚਾਈਲਡ ਲਾਈਨ ਰੂਪਨਗਰ ਨੇ ਬੱਚਿਆਂ ਦਾ ਸਿਵਲ ਹਸਪਤਾਲ ਰੂਪਨਗਰ 'ਚ ਮੈਡੀਕਲ ਕਰਵਾਇਆ ਤੇ ਪੁਲਸ ਸਟੇਸ਼ਨ ਖੰਨਾ ਨਾਲ ਸੰਪਰਕ ਕਰ ਕੇ ਬੱਚਿਆਂ ਦੇ ਮਾਤਾ-ਪਿਤਾ ਦੀ ਤਲਾਸ਼ ਕੀਤੀ ਤੇ ਬੱਚੇ ਉਨ੍ਹਾਂ ਨੂੰ ਸੌਂਪ ਦਿੱਤੇ। ਇਸ ਮੌਕੇ ਬੀ.ਡੀ. ਵਸ਼ਿਸ਼ਟ ਡਾਇਰੈਕਟਰ ਚਾਈਲਡ ਲਾਈਨ, ਕੰਚਨ ਬਾਲਾ (ਪ੍ਰਾਜੈਕਟ ਕੋਆਰਡੀਨੇਟਰ), ਹਰਮਨਪ੍ਰੀਤ ਕੌਰ (ਕੌਂਸਲਰ), ਮੰਗਲਾ ਰਾਣਾ, ਸੁਨੀਤਾ ਬਾਵਾ, ਹਰਮਨਦੀਪ ਕੌਰ, ਕਮਲ ਨਾਰਾਇਣ ਆਦਿ ਹਾਜ਼ਰ ਸਨ।


Related News