ਪ੍ਰੇਮੀ ਜੋੜੇ ਨੇ ਚਿੰਤਪੂਰਨੀ ਦੇ ਹੋਟਲ ''ਚ ਕੀਤੀ ਖੁਦਕੁਸ਼ੀ

06/26/2017 6:12:07 AM

ਗੁਰਦਾਸਪੁਰ  (ਵਿਨੋਦ, ਦੀਪਕ) - ਸਥਾਨਕ ਕਸਬੇ ਦੇ ਨੌਜਵਾਨ ਲੜਕੇ ਅਤੇ ਲੜਕੀ ਵੱਲੋਂ ਜ਼ਹਿਰ ਖਾ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੁਨੀਸ਼ ਕੁਮਾਰ (28) ਪੁੱਤਰ ਸੁਰਿੰਦਰ ਕੁਮਾਰ ਅਤੇ ਮੋਨਿਕਾ ਠਾਕੁਰ (20) ਪੁੱਤਰੀ ਰਸ਼ਪਾਲ ਸਿੰਘ ਵੱਲੋਂ ਬੀਤੇ ਦਿਨ ਘਰੋਂ ਭੱਜ ਕੇ ਹਿਮਾਚਲ ਦੇ ਸ਼ਹਿਰ ਚਿੰਤਪੂਰਨੀ ਦੇ ਹੋਟਲ ਵਿਚ ਸਲਫਾਸ ਖਾ ਕੇ ਜਾਨ ਦਿੱਤੀ ਗਈ ਹੈ।  ਅੱਜ ਜਦੋਂ ਪੱਤਰਕਾਰਾਂ ਨੇ ਮ੍ਰਿਤਕ ਮੁਨੀਸ਼ ਅਤੇ ਮੋਨਿਕਾ ਦੇ ਘਰਾਂ ਦਾ ਮੌਕਾ ਦੇਖਿਆ ਤਾਂ ਦੋਵਾਂ ਘਰਾਂ 'ਚ ਵਿਰਾਨਗੀ ਛਾਈ ਹੋਈ ਸੀ। ਮ੍ਰਿਤਕ ਮੁਨੀਸ਼ ਦੇ ਪਿਤਾ ਸੁਰਿੰਦਰ ਕੁਮਾਰ ਕੁਝ ਵੀ ਕਹਿਣ ਦੀ ਹਾਲਤ ਵਿਚ ਨਹੀਂ ਸਨ। ਘਰ ਦੀਆਂ ਔਰਤਾਂ ਵੀ ਬਹੁਤ ਪ੍ਰੇਸ਼ਾਨੀ ਦੇ ਆਲਮ 'ਚ ਸਨ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਨੀਸ਼ ਆਪਣੇ ਚਾਚੇ ਨਾਲ ਛੋਟੇ ਟਰੱਕ ਉੱਤੇ ਡਰਾਈਵਰੀ ਕਰਦਾ ਸੀ। ਉਨ੍ਹਾਂ ਕਿਹਾ ਕਿ ਮੁਨੀਸ਼ ਕੱਲ ਘਰ ਚਿੰਤਪੂਰਨੀ ਜਾਣ ਲਈ ਕਹਿ ਗਿਆ ਸੀ ਪਰ ਉਹ ਕਿਸ ਕੰਮ ਲਈ ਗਿਆ ਸੀ, ਇਹ ਜਾਣਕਾਰੀ ਨਹੀਂ ਦੇ ਕੇ ਗਿਆ।
ਮ੍ਰਿਤਕ ਲੜਕੀ ਮੋਨਿਕਾ ਠਾਕੁਰ ਦੇ ਘਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਸੀ। ਸੂਤਰਾਂ ਅਨੁਸਾਰ ਮੋਨਿਕਾ ਠਾਕੁਰ ਗੁਰਦਾਸਪੁਰ ਦੇ ਇਕ ਕੋਚਿੰਗ ਸੈਂਟਰ 'ਚ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਦੀ ਸੀ ਅਤੇ ਉਹ ਬੀਤੇ ਕੱਲ ਵੀ ਰੋਜ਼ ਦੀ ਤਰ੍ਹਾਂ ਕੋਚਿੰਗ ਲਈ ਘਰ ਤੋਂ ਗਈ ਸੀ ਪਰ ਸ਼ਾਮ ਤੱਕ ਘਰ ਨਹੀਂ ਪਰਤੀ।
ਸਥਾਨਕ ਪੁਲਸ ਨੂੰ ਚਿੰਤਪੂਰਨੀ ਪੁਲਸ ਵੱਲੋਂ ਮਿਲੀ ਸੂਚਨਾ ਅਨੁਸਾਰ ਘਰੋਂ ਭੱਜੇ ਜੋੜੇ ਨੇ ਚਿੰਤਪੂਰਨੀ ਦੇ ਇਕ ਹੋਟਲ 'ਚ 24 ਜੂਨ ਦੀ ਸ਼ਾਮ ਨੂੰ 3 ਵਜੇ ਇਕ ਕਮਰਾ ਕਿਰਾਏ 'ਤੇ ਲਿਆ, ਜਿਥੇ ਇਨ੍ਹਾਂ ਨੇ ਆਪਣੇ ਘਰ ਦਾ ਪਤਾ ਦਰੁੱਸਤ ਲਿਖਵਾਇਆ ਸੀ ਪਰ ਬਾਅਦ 'ਚ ਕਮਰੇ ਅੰਦਰ ਦੋਵਾਂ ਨੇ ਸਲਫਾਸ ਦਾ ਪੈਕਟ ਨਿਗਲ ਕੇ ਆਤਮ-ਹੱਤਿਆ ਕਰ ਲਈ ਅਤੇ ਇਕ ਹੋਰ ਸਲਫਾਸ ਦਾ ਪੈਕੇਟ ਹਿਮਾਚਲ ਪੁਲਸ ਨੇ ਕਮਰੇ ਵਿਚੋਂ ਬਰਾਮਦ ਕੀਤਾ ਹੈ।ਮ੍ਰਿਤਕ ਜੋੜੇ ਕੋਲੋਂ ਇਕ ਖੁਦਕੁਸ਼ੀ ਪੱਤਰ ਵੀ ਹਿਮਾਚਲ ਪੁਲਸ ਨੇ ਬਰਾਮਦ ਕੀਤਾ ਹੈ, ਜਿਸ 'ਚ ਮ੍ਰਿਤਕ ਜੋੜੇ ਨੇ ਆਪਣੇ ਪ੍ਰੇਮ ਪ੍ਰਸੰਗ ਦਾ ਇਜ਼ਹਾਰ ਅਤੇ ਪ੍ਰੇਮ ਸਿਰੇ ਨਾ ਚੜ੍ਹਦਾ ਦੇਖ ਕੇ ਇਹ ਦਿਲ ਦਹਿਲਾ ਦੇਣ ਵਾਲਾ ਕਦਮ ਉਠਾਇਆ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਜੋੜੇ ਦੇ ਵਾਰਿਸ ਹਿਮਾਚਲ ਦੇ ਊਨਾ ਸ਼ਹਿਰ 'ਚ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਗਏ ਹੋਏ ਸਨ। ਇਸ ਘਟਨਾ ਕਾਰਨ ਕਸਬੇ ਅਤੇ ਨੇੜਲੇ ਇਲਾਕੇ ਦੇ ਲੋਕਾਂ 'ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਦੋਂ ਸਥਾਨਕ ਥਾਣਾ ਮੁਖੀ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਮ੍ਰਿਤਕਾਂ ਦੇ ਮਾਪਿਆਂ ਵੱਲੋਂ ਕੱਲ ਜਾਂ ਅੱਜ ਆਪਣੇ ਬੱਚਿਆਂ ਦੀ ਗੁਮਸ਼ੁਦਗੀ ਬਾਰੇ ਕੋਈ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਉਨ੍ਹਾਂ ਨੂੰ ਨਹੀਂ ਕੀਤੀ ਗਈ ਸੀ ਅਤੇ ਇਸ ਘਟਨਾ ਦੀ ਜਾਂਚ-ਪੜਤਾਲ ਚਿੰਤਪੂਰਨੀ ਥਾਣੇ ਦੀ ਪੁਲਸ ਕਰ ਰਹੀ ਹੈ, ਜਿਸ ਬਾਰੇ ਉਨ੍ਹਾਂ ਨੂੰ ਅਜੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ।


Related News