ਆਤਮ ਹੱਤਿਆ ਕੇਸ ''ਚ ਲਵਪ੍ਰੀਤ ਦਾ ਪਤੀ ਗ੍ਰਿਫਤਾਰ

12/11/2017 6:55:55 AM

ਸੁਲਤਾਨਪੁਰ ਲੋਧੀ, (ਧੀਰ)- ਬੀਤੇ ਦਿਨੀਂ ਮੁਹੱਲਾ ਪੰਡੋਰੀ ਦੀ ਇਕ ਵਿਆਹੁਤਾ ਲਵਪ੍ਰੀਤ ਕੌਰ ਵੱਲੋਂ ਆਤਮ ਹੱਤਿਆ ਕਰਨ ਦੇ ਸਬੰਧ 'ਚ ਦਰਜ ਕੀਤੇ ਗਏ ਕੇਸ 'ਚ ਲੜਕੀ ਦੀ ਮਾਤਾ ਜਸਵੀਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਇਸ ਕੇਸ 'ਚ ਕਥਿਤ ਤੌਰ 'ਤੇ ਲੋੜੀਂਦੇ ਮੁਲਜ਼ਮ ਮ੍ਰਿਤਕ ਲਵਪ੍ਰੀਤ ਕੌਰ ਤੇ ਪਤੀ ਸਵਰਨ ਸਿੰਘ ਉਰਫ ਸੋਨੂੰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਵਿਆਹੁਤਾ ਲੜਕੀ ਲਵਪ੍ਰੀਤ ਕੌਰ ਦੇ ਆਤਮਹੱਤਿਆ ਦੇ ਸਬੰਧ 'ਚ ਦਰਜ ਕੀਤੇ ਗਏ ਕੇਸ ਆਈ. ਪੀ. ਸੀ. ਧਾਰਾ 306 ਤਹਿਤ ਸਵਰਨ ਸਿੰਘ ਉਰਫ ਸੋਨੂੰ ਜੋ ਲਵਪ੍ਰੀਤ ਦਾ ਪਤੀ ਹੈ, ਨੂੰ ਅੱਜ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਏ. ਐੱਸ. ਆਈ. ਅਮਰਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਪਕੜ ਲਿਆ।
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੂੰ ਖਬਰ ਮਿਲੀ ਸਵਰਨ ਸਿੰਘ ਉਰਫ ਸੋਨੂੰ ਰੇਲਵੇ ਸਟੇਸ਼ਨ 'ਤੇ ਕਿਤੇ ਬਾਹਰ ਭੱਜਣ ਦੀ ਤਿਆਰੀ ਕਰ ਰਿਹਾ ਹੈ, ਜਿਸ 'ਤੇ ਪੁਲਸ ਪਾਰਟੀ ਨੇ ਰੇਡ ਕੀਤੀ ਤਾਂ ਸੋਨੂੰ ਨੂੰ ਕਾਬੂ ਕਰ ਲਿਆ। ਗੌਰਤਲਬ ਹੈ ਕਿ ਬੀਤੇ ਦਿਨੀਂ ਮੁਹੱਲਾ ਪੰਡੋਰੀ 'ਚ ਵਿਆਹੁਤਾ ਇਕ ਲੜਕੀ ਲਵਪ੍ਰੀਤ ਕੌਰ ਨੇ ਆਪਣੇ ਪਤੀ ਦੀ ਰੋਜ਼ਾਨਾ ਕੀਤੀ ਜਾ ਰਹੀ ਕਥਿਤ ਮਾਰਕੁੱਟ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ, ਕਿਉਂਕਿ ਉਹ ਉਸ ਪਾਸੋਂ ਆਪਣੀ ਭੈਣ ਦੇ ਵਿਆਹ ਲਈ ਕਥਿਤ ਤੌਰ 'ਤੇ ਪੈਸਿਆਂ ਦੀ ਵੀ ਮੰਗ ਕਰਦਾ ਸੀ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਏ. ਐੱਸ. ਆਈ. ਅਮਰਜੀਤ ਸਿੰਘ ਕਰ ਰਹੇ ਹਨ ਤੇ ਸੋਮਵਾਰ ਨੂੰ ਸੋਨੂੰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 
ਇਸ ਮੌਕੇ ਏ. ਐੱਸ. ਆਈ. ਅਮਰਜੀਤ ਸਿੰਘ, ਐੱਚ. ਸੀ. ਕੁਲਵੰਤ ਸਿੰਘ ਮੁਨਸ਼ੀ, ਐੱਚ. ਸੀ. ਰਜਿੰਦਰ ਸਿੰਘ, ਐੱਚ. ਸੀ. ਅਮਰਜੀਤ ਸਿੰਘ ਰੀਡਰ, ਐੱਸ. ਐੱਚ. ਓ. ਆਦਿ ਹਾਜ਼ਰ ਸਨ।


Related News