ਹਲਕਾਏ ਆਵਾਰਾ ਕੁੱਤਿਆਂ ਨੇ 2 ਬੱਚਿਆਂ ਨੂੰ ਨੋਚਿਆ

09/21/2017 6:49:05 AM

ਬਟਾਲਾ, (ਬੇਰੀ)- ਪਿੰਡ ਕੰਡੀਲਾ 'ਚ ਆਵਾਰਾ ਕੁੱਤਿਆਂ ਨੇ ਦੋ ਬੱਚਿਆਂ ਨੂੰ ਨੋਚ ਲਿਆ, ਜਦਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੁੱਤਿਆਂ 'ਤੇ ਸ਼ਿਕੰਜਾ ਕੱਸਣ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸ ਸਬੰਧੀ ਧਰਮਪਾਲ ਨੇ ਦੱਸਿਆ ਕਿ ਉਸ ਦਾ ਲੜਕਾ ਅਮਨਦੀਪ ਸਿੰਘ ਸ਼ਾਮ ਕਰੀਬ 4 ਵਜੇ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਉਸ ਨੂੰ ਹਲਕਾਏ ਕੁੱਤਿਆਂ ਨੇ ਨੋਚਣਾ ਸ਼ੁਰੂ ਕਰ ਦਿੱਤਾ। ਕੁੱਤਿਆਂ ਨੇ ਉਸ ਦੇ ਪੇਟ, ਬਾਂਹ ਅਤੇ ਲੱਤਾਂ ਨੂੰ ਬੁਰੀ ਤਰ੍ਹਾਂ ਨੋਚ ਲਿਆ ਤੇ ਉੁਥੇ ਲੰਘ ਰਹੇ ਹਰਜੀਤ ਸਿੰਘ ਨੇ ਉਸ ਨੂੰ ਕੁੱਤਿਆਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਅਮਨਦੀਪ ਸਿੰਘ ਨੇ ਰੌਲਾ ਪਾ ਦਿੱਤਾ, ਜਿਸ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਹਲਕਾਏ ਕੁੱਤਿਆਂ ਦੇ ਝੁੰਡ 'ਚੋਂ ਉਸ ਨੂੰ ਛੁਡਾਇਆ। ਇਸੇ ਤਰ੍ਹਾਂ ਆਵਾਰਾ ਕੁੱਤਿਆਂ ਨੇ ਇਕ ਛੋਟੇ ਬੱਚੇ ਬਲਜਿੰਦਰ ਸਿੰਘ ਨੂੰ ਵੀ ਵੱਢ ਲਿਆ।
ਜੇਕਰ ਆਵਾਰਾ ਕੁੱਤਿਆਂ ਨੂੰ ਮਾਰਨਾ ਗੈਰ-ਕਾਨੂੰਨੀ ਤਾਂ ਇਨਸਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸਦੀ?
ਇਸ ਸਬੰਧੀ ਪਿੰਡ ਕੰਡੀਲਾ ਦੇ ਸਰਪੰਚ ਗੁਰਦੇਵ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡਾਂ 'ਚ ਹਲਕਾਏ ਕੁੱਤਿਆਂ ਨੇ ਕਹਿਰ ਮਚਾਇਆ ਹੋਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਕਰ 20 ਕੁੱਤੇ ਮਿਲ ਕੇ ਕਿਸੇ ਇਕ ਬੱਚੇ ਜਾਂ ਵਿਅਕਤੀ ਨੂੰ ਮਾਰਦੇ ਹਨ ਤਾਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਅਫਸੋਸ ਜ਼ਾਹਿਰ ਕਰ ਦਿੱਤਾ ਜਾਂਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁਝ ਦਿਨਾਂ ਤੱਕ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕਰਨ ਦੀ ਮੁਹਿੰਮ ਛੇੜੀ ਜਾਂਦੀ ਹੈ ਪਰ ਕੁਝ ਦੇਰ ਬਾਅਦ ਇਹ ਮੁਹਿੰਮ ਠੰਡੇ ਬਸਤੇ 'ਚ ਪਾ ਦਿੱਤੀ ਜਾਂਦੀ ਹੈ। ਅਜਿਹੇ ਹਾਲਾਤ 'ਚ ਕੀ ਕੁੱਤਿਆਂ ਨੂੰ ਮਾਰਨਾ ਗੈਰ-ਕਾਨੂੰਨੀ ਹੈ? ਜੇਕਰ ਹਾਂ ਤਾਂ ਇਨਸਾਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ? ਉਨ੍ਹਾਂ ਕਿਹਾ ਕਿ ਪਿੰਡ ਦੇ ਗਰੀਬ ਲੋਕ ਇੰਨੇ ਜ਼ਿਆਦਾ ਪੈਸੇ ਖਰਚ ਨਹੀਂ ਕਰ ਸਕਦੇ, ਇਸ ਲਈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਆਵਾਰਾ ਤੇ ਹਲਕਾਏ ਕੁੱਤਿਆਂ ਨੂੰ ਸ਼ੈਲਟਰ ਹੋਮਜ਼ 'ਚ ਪਾਉਣਾ ਚਾਹੀਦਾ ਹੈ। ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਪਿੰਡ ਵਿਚ ਪਹਿਲੀ ਘਟਨਾ ਨਹੀਂ ਹੈ, ਜਦਕਿ ਇਸ ਤੋਂ ਪਹਿਲਾਂ ਵੀ ਕਈ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪ੍ਰਸ਼ਾਸਨ ਖਾਮੋਸ਼ ਬੈਠਾ ਹੋਇਆ ਹੈ। 


Related News