ਸੰਗਲਾਂ ''ਚ ਜਕੜੀ ''ਗਾਮੇ'' ਦੀ ਜ਼ਿੰਦਗੀ

10/19/2017 1:31:56 AM

ਲੋਪੋਂ (ਮੋਗਾ),  (ਪਵਨ ਗਰੋਵਰ/ਗੋਪੀ ਰਾਊਕੇ)-  ਇਕ ਪਾਸੇ ਜਿੱਥੇ ਲੋਕਾਂ ਵੱਲੋਂ ਅੱਜ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਲੋਪੋਂ ਦੇ ਵਸਨੀਕ ਇਕ ਵਿਅਕਤੀ ਦੀ ਜ਼ਿੰਦਗੀ ਸੰਗਲਾਂ ਨਾਲ ਜਕੜੀ ਪਈ ਹੈ। ਅੱਜ ਜਦੋਂ 'ਜਗ ਬਾਣੀ' ਦੀ ਟੀਮ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ 60 ਸਾਲਾਂ ਨੂੰ ਢੁੱਕੇ ਗੁਰਨਾਮ ਸਿੰਘ 'ਗਾਮੇ' ਨੂੰ ਇਕ ਕਮਰੇ 'ਚ ਕੈਦ ਕੀਤਾ ਹੋਇਆ ਸੀ। ਹੱਥਾਂ ਅਤੇ ਪੈਰਾਂ ਨੂੰ ਸੰਗਲਾਂ ਨਾਲ ਜਕੜੇ ਗਾਮੇ ਨੂੰ ਜਦੋਂ ਇਸ ਸਬੰਧੀ ਪੁੱਛਿਆ ਤਾਂ ਭੁੱਬੀ ਰੋਂਦੇ ਨੇ ਇਸ ਵਰਤਾਰੇ ਲਈ ਆਪਣੀ ਪਤਨੀ 'ਤੇ ਵੀ ਦੋਸ਼ ਲਾਏੇ। 
ਥੋੜ੍ਹੀ ਦਿਮਾਗੀ ਪ੍ਰੇਸ਼ਾਨੀ ਤੋਂ ਪੀੜਤ ਗਾਮੇ ਨਾਲ ਜਦੋਂ ਇਸ ਮਾਮਲੇ ਸਬੰਧੀ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਉਸ ਦੀਆਂ ਅੱਖਾਂ 'ਚੋਂ ਅੱਥਰੂ ਆਪ ਮੁਹਾਰੇ ਹੀ ਨਿਕਲਣ ਲੱਗ ਪਏ। ਗਾਮੇ ਨੇ ਦੱਸਿਆ ਕਿ ਉਹ ਆਜ਼ਾਦ ਹੋ ਕੇ ਜ਼ਿੰਦਗੀ ਨੂੰ ਜਿਊਣ ਦਾ ਹਾਮੀ ਹੈ ਪਰ ਉਸ ਨੂੰ ਚੱਲਣ-ਫਿਰਨ ਨਹੀਂ ਦਿੱਤਾ ਜਾਂਦਾ। ਗਾਮੇ ਤੋਂ ਜਦੋਂ ਖਾਣ-ਪੀਣ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਜੇ ਕੁਝ ਮਿਲ ਜਾਵੇ ਤਾਂ ਉਹ ਖਾ ਲੈਂਦਾ ਹੈ, ਨਹੀਂ ਤਾਂ ਫਿਰ ਭੁੱਖਣ-ਭਾਣੇ ਹੀ ਰਹਿੰਦਾ ਹੈ। 
ਸੂਤਰ ਦੱਸਦੇ ਹਨ ਕਿ ਤਿੰਨ ਸਾਲ ਪਹਿਲਾਂ ਵੀ 'ਗਾਮੇ' ਨੂੰ ਕਈ ਸਾਲ ਘਰ ਵਿਚ ਹੀ 'ਬੰਦੀ' ਬਣਾ ਕੇ ਰੱਖਿਆ ਗਿਆ ਸੀ ਪਰ ਜਦੋਂ ਇਹ ਮਾਮਲਾ ਮੀਡੀਆ 'ਚ ਉਜਾਗਰ ਹੋਇਆ ਸੀ ਤਾਂ ਉਸ ਮਗਰੋਂ ਹੀ 'ਗਾਮੇ' ਨੂੰ ਜ਼ਿਲਾ ਪ੍ਰਸ਼ਾਸਨ ਨੇ ਆਜ਼ਾਦ ਹੀ ਨਹੀਂ ਕਰਵਾਇਆ ਸੀ ਸਗੋਂ ਉਸ ਨੂੰ ਸਿਵਲ ਹਸਪਤਾਲ ਕਈ ਦਿਨ ਦਾਖਲ ਕਰ ਕੇ ਲੋੜੀਂਦੀ ਦਵਾਈ ਵੀ ਦਿੱਤੀ ਗਈ ਸੀ। 
ਮਾਮਲੇ ਨਾਲ ਜੁੜੇ ਸੂਤਰਾਂ ਨੇ ਇਸ ਗੱਲ ਨੂੰ ਵੀ ਬੇਪਰਦ ਕੀਤਾ ਹੈ ਕਿ ਕਈ ਸਾਲ ਤਾਂ 'ਗਾਮੇ' ਨੂੰ ਪ੍ਰਸ਼ਾਸਨ ਦੇ ਡਰ ਕਰ ਕੇ ਪਰਿਵਾਰਕ ਮੈਂਬਰਾਂ ਨੇ ਸੰਗਲਾਂ ਨਾਲ ਨਹੀਂ ਜਕੜਿਆ ਪਰ ਹੁਣ ਅਚਾਨਕ ਗਾਮਾ ਫਿਰ ਇਕ ਮਹੀਨੇ ਤੋਂ ਸੰਗਲਾਂ ਨਾਲ ਜਕੜਿਆ ਪਿਆ ਹੈ। ਕਮਰੇ 'ਚ ਬਿਨਾਂ ਕਿਸੇ ਲਾਈਟ ਅਤੇ ਹੋਰ ਪ੍ਰਬੰਧ ਤੋਂ ਬੈਠੇ ਗਾਮੇ ਦੀ ਜ਼ਿੰਦਗੀ ਦਿਨ-ਰਾਤ ਘੁੱਪ ਹਨੇਰਾ ਬਣੀ ਰਹਿੰਦੀ ਹੈ। ਕਮਰੇ ਦੀ ਖਿੜਕੀ ਰਾਹੀਂ ਰੌਸ਼ਨੀ ਹਾਸਲ ਕਰਦਾ, ਉਹ ਪੂਰਾ ਦਿਨ ਆਪਣੇ-ਆਪ ਨੂੰ ਆਜ਼ਾਦ ਕਰਵਾਉਣ ਦੀ ਗੁਹਾਰ ਤਾਂ ਲਾਉਂਦਾ ਰਹਿੰਦਾ ਹੈ ਪਰ ਉਸ ਦੀ ਸੁਣਵਾਈ ਕਿੱਧਰੇ ਵੀ ਨਹੀਂ ਹੁੰਦੀ। ਅੱਜ ਦੀਵਾਲੀ ਦੇ ਤਿਉਹਾਰ ਸਬੰਧੀ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਮੇਰੀ ਕਾਹਦੀ ਦੀਵਾਲੀ ਹੈ, ਮੈਂ ਤਾਂ ਕਮਰੇ 'ਚ ਹੀ ਕੈਦ ਹਾਂ। ਕਈ ਸਮਾਜਿਕ ਸੰਗਠਨਾਂ ਨੇ ਇਸ ਨੂੰ ਆਜ਼ਾਦ ਕਰਵਾਉਣ ਦੀ ਪ੍ਰਸ਼ਾਸਨ ਤੋਂ ਗੁਹਾਰ ਲਾਈ ਹੈ। 


Related News