ਸ਼ਹੀਦ ਬਾਬਾ ਜੀਵਨ ਸਿੰਘ ਜੀ ਖਾਲਸਾ ਕਾਲਜ ਦੇ ਲੈਕਚਰਾਰਾਂ ਦੀਆਂ ਨਿਯੁਕਤੀਆਂ ਸਵਾਲਾਂ ਦੇ ਘੇਰੇ ''ਚ

12/10/2017 3:31:09 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੱਲੋਂ ਜਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਵੇ ਹੀ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਖ਼ਰਚ ਕਰਨ ਲਈ ਰੱਖਿਆ ਜਾਂਦਾ ਹੈ ਤੇ ਲੱਖ ਦਾਅਵੇ ਵੀ ਕੀਤੇ ਜਾਂਦੇ ਹਨ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਪਰ ਧਰਾਤਲ ਪੱਧਰ 'ਤੇ ਸੱਚਾਈ ਹੈ ਇਸ ਦੀ ਮਿਸਾਲ ਪੈਦਾ ਕਰ ਰਿਹਾ ਹੈ ਸ਼ਹੀਦ ਬਾਬਾ ਜੀਵਨ ਸਿੰਘ ਜੀ ਖਾਲਸਾ ਕਾਲਜ ਸਤਲਾਣੀ ਸਾਹਿਬ। ਇਥੇ ਬੀਤੇ ਮਹੀਨਿਆਂ ਦੌਰਾਨ 3 ਲੈਕਚਰਾਰਾਂ ਦੀਆਂ ਨਿਯੁਕਤੀਆਂ ਜਿਥੇ ਸਵਾਲਾਂ ਦੇ ਘੇਰੇ 'ਚ ਹਨ ਉਥੇ ਹੀ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਜਿਹੇ ਵਿਦਿਅਕ ਅਦਾਰਿਆਂ 'ਚ ਵਿੱਦਿਆ ਦਾ ਵਿਪਾਰੀਕਰਨ ਹੋਣ ਦੇ ਨਾਲ ਸਿੱਧੇ ਰੂਪ 'ਚ ਸਿਆਸੀ ਦਖਲ ਅੰਦਾਜ਼ੀ 'ਤੇ ਵੀ ਕਈ ਸਵਾਲ ਚੁੱਕੇ ਜਾ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਨੂੰ ਨਿਯਮ ਸ਼ਿੱਕੇ 'ਤੇ ਟੰਗ ਕੇ ਕਾਲਜ 'ਚ ਲੈਕਚਰਾਰ ਲਾਏ ਗਏ ਹਨ। 
ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2017-2018 'ਚ ਸ਼੍ਰੋਮਣੀ ਕਮੇਟੀ ਨੇ 227 ਕਰੋੜ ਰੁਪਏ ਦਾ ਬਜਟ ਸਿੱਖਿਆ ਲਈ ਰੱਖਿਆ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਦਾਅਵਾ ਕੀਤਾ ਗਿਆ, ਪਰ ਜੇਕਰ ਮਿਸਾਲ ਵੇਖਣੀ ਹੋਵੇ ਤਾਂ ਐੱਸ. ਜੀ. ਪੀ. ਸੀ. ਦੇ ਪ੍ਰਬੰਧ ਅਧੀਨ ਮੁੱਖ ਦਫ਼ਤਰ ਤੋਂ ਚੰਦ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸ਼ਹੀਦ ਬਾਬਾ ਜੀਵਨ ਸਿੰਘ ਖ਼ਾਲਸਾ ਕਾਲਜ ਗੁਰੂਸਰ ਸਤਲਾਨੀ ਸਾਹਿਬ ਦੀ ਹਾਲਾਤ ਤੋਂ ਸਾਰੀ ਮਿਲ ਜਾਂਦੀ ਹੈ। ਕਾਲਜ 'ਚ 350 ਦੇ ਕਰੀਬ ਵਿਦਿਆਰਥੀ ਵਿੱਦਿਆ ਗ੍ਰਹਿਣ ਕਰ ਰਹੇ ਹਨ। ਰੈਗੂਲਰ, ਐਡਹਾਕ ਅਤੇ ਕੰਟਰੈਕਟਰ ਦੇ ਅਧਾਰ ਤੇ ਟੀਚਿੰਗ, ਨਾਨ-ਟੀਚਿੰਗ ਸਟਾਫ ਸਮੇਤ 17 ਦੇ ਕਰੀਬ ਪੋਸਟਾਂ ਕੰਮ ਕਰ ਰਹੀਆਂ ਹਨ। ਕਾਲਜ 'ਚ ਬੀ. ਸੀ. ਏ. ਦੀਆਂ ਕਲਾਸਾਂ ਦੇ ਕਰੀਬ 25 ਵਿਦਿਆਰਥੀਆਂ ਨੂੰ ਪੜ੍ਹਈ ਕਰਾਉਣ ਲਈ ਇਕ ਰੈਗੂਲਰ ਪੋਸਟ 3 ਪੋਸਟਾਂ ਐਡਹਾਕ 1 ਪੋਸਟ ਕਨਟੈਰਰਟ ਕਾਇਮ ਕੀਤੀਆਂ ਗਈਆਂ। ਸੂਤਰਾਂ ਮੁਤਾਬਕ ਐਡਹਾਕ 'ਤੇ ਰੱਖੇ ਗਏ 3 ਲੈਕਚਰਾਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਐਡਹਾਕ ਵਾਲੇ ਇਨ੍ਹਾਂ ਲੈਕਚਰਾਰਾਂ ’ਚੋਂ 2 ਦੀ ਇੰਟਰਵਿਊ ਤੋਂ ਬਾਅਦ ਨਿਯੁਕਤੀ ਤਾਂ ਡਾਇਰੈਕਟਰ ਸਿੱਖਿਆ ਐੱਸ. ਜੀ. ਪੀ. ਸੀ. ਰਾਹੀ ਹੋਈ ਹੈ ਤੇ ਇਨ੍ਹਾ ਲੈਕਚਰਾਰਾਂ ਨੂੰ 17 ਜੁਲਾਈ 2017 ਨੂੰ ਨਿਯੁਗਤ ਵੀ ਕੀਤਾ ਜਾ ਚੁੱਕਾ ਹੈ ਪਰ ਤੀਜੇ ਲੈਕਚਰਾਰ ਨੂੰ ਬਿਨ੍ਹਾਂ ਕਿਸੇ ਇੰਟਰਵਿਊ ਤੋਂ ਸਿੱਧੇ ਨਿਯੁਗਤੀ ਪੱਤਰ ਸੌਂਪ ਕੇ ਕਾਲਜ 'ਚ ਤਾਇਨਾਤ ਕਰਨ ਉਪਰੰਤ ਢਾਈ ਮਹੀਨੇ ਦੀ ਤਨਖਾਹ ਵੀ ਵਾਧੂ ਦੇਣ ਦੀਆਂ ਕਨਸੋਆਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਇਸ ਲੈਕਚਰਾਰ 'ਤੇ ਕਾਲਜ ਦੀ ਮੈਨੇਜਮੈਂਟ ਇਸ ਕਰਕੇ ਮਿਹਰਬਾਨ ਹੋ ਰਹੀ ਹੈ ਕਿਉਂਕਿ ਉਕਤ ਲੈਕਚਰਾਰ ਸ਼੍ਰੋਮਣੀ ਕਮੇਟੀ ਦੇ ਇਕ ਉੱਚ ਅਧਿਕਾਰੀ ਦਾ ਖਾਸਮਖਾਸ ਦੱਸਿਆ ਜਾ ਰਿਹਾ ਹੈ। ਕਾਲਜ ’ਚ ਅਜੇ ਤੱਕ ਬਾਇਓ ਮੀਟ੍ਰਿਕ (ਅਗੂੰਠਾ ਲਾਉਣ ਵਾਲੀ ਮਸੀਨ) ਨਾ ਲੱਗੀ ਹੋਣ ਕਰਕੇ ਮਸ਼ੀਨ ਰਾਹੀ ਹਾਜਰੀ ਲੱਗਣੀ ਸ਼ੂਰੂ ਨਾ ਹੋਣ ਕਾਰਨ ਉਕਤ ਲੈਕਚਰਾਰ ਕਾਲਜ ਮਨ ਮਰਜ਼ੀ ਨਾਲ ਆਪਣੀਆਂ ਹਾਜ਼ਰੀਆਂ ਕਾਲਜ ਦੇ ਪ੍ਰਿੰਸੀਪਲ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ ਹੋਣ ਦੀ ਧੌਂਸ ਵਿਖਾਕੇ ਧੱਕੇ ਨਾਲ ਪੂਰੀਆਂ ਕਰਦੇ ਹਨ। ਕਾਲਜ ਕੈਂਪਸ ’ਚ ਅਜੇ ਤੱਕ ਸੀ. ਸੀ. ਟੀ. ਵੀ. ਦਾ ਪ੍ਰਬੰਧ ਵੀ ਨਹੀਂ ਹੋ ਸਕਿਆ। ਆਲਮ ਇਹ ਹੈ ਕਿ ਰੈਗੂਲਰ ਸਟਾਫ ਨੂੰ ਅਜੇ ਤੱਕ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਦਾ ਇਕ ਧੇਲਾ ਵੀ ਨਹੀਂ ਮਿਲਿਆ ਤੇ ਐਡਹਾਕ ਵਾਲਿਆਂ ਨੂੰ ਕੁਝ ਮਹੀਨਿਆਂ ਦੀਆਂ ਤਨਖਾਹਾਂ ਦੇ ਦਿੱਤੀਆਂ ਗਈਆਂ ਹਨ। ਇਲਾਕਾ ਨਿਵਾਸੀ ਮੋਹਤਬਰਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਢਿੱਲੇ ਪ੍ਰਬੰਧ ਕਾਰਨ ਸਰਹੱਦੀ ਖੇਤਰ ਦੀ ਇਹ ਸੰਸਥਾ ਜੋ ਦਿਹਾਤੀ ਖੇਤਰ ਦੇ ਨੌਜਵਾਨਾਂ ਲਈ ਵਰਦਾਨ ਸੀ ਅੱਗੇ ਵੱਧਣ ਦੀ ਬਜਾਏ ਨਿਘਾਰਤਾ ਵੱਲ ਵਧ ਰਹੀ ਹੈ। ਉਨ੍ਹਾਂ ਦੇ ਮਨ ਦਾ ਰੋਸ ਸੀ ਕਿ ਪੰਥ ਰਤਨ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਸਮੇਂ ਸਥਾਪਿਤ ਹੋਈਆਂ ਸੰਸਥਾਂਵਾਂ ਖਾਸਕਰ ਇਸ ਕਾਲਜ ਨੂੰ ਮੌਜ਼ੂਦਾ ਐੱਸ. ਜੀ. ਪੀ. ਸੀ. ਵਲੋਂ ਅਣ-ਦੇਖਿਆ ਕੀਤਾ ਜਾ ਰਿਹਾ ਹੈ ਜਦ ਕਿ ਐੱਸ. ਜੀ. ਪੀ. ਸੀ. 'ਚ ਤਾਇਨਾਤ ਸਿਆਸੀ ਜਬੇ ਵਾਲੇ ਲੋਕਾਂ ਵੱਲੋਂ ਆਪੋ ਆਪਣੇ ਇਲਾਕਿਆਂ ਵੱਲ ਖਾਸ ਜੋਰ ਦਿੱਤਾ ਜਾ ਰਿਹਾ।


Related News