ਵਕੀਲਾਂ ਨੇ ਡੀ. ਸੀ. ਨੂੰ ਨਿਰਵਿਘਨ ਕੰਮ ਚੱਲਦਾ ਰਹਿਣ ਲਈ ਦਿੱਤਾ ਮੰਗ-ਪੱਤਰ

10/18/2017 2:41:37 AM

ਮੋਗਾ,   (ਸੰਦੀਪ)-  ਪਿਛਲੇ 5 ਸਾਲਾਂ ਤੋਂ ਲੁਧਿਆਣਾ-ਫਿਰੋਜ਼ਪੁਰ ਦੇ ਚੱਲ ਰਹੇ ਫੋਰਲੇਨ ਦੇ ਕੰਮ 'ਚ ਕਈ ਵਾਰ ਰੁਕਾਵਟਾਂ ਆਉਣ ਨਾਲ ਇਹ ਕੰਮ ਨਿਸ਼ਚਿਤ ਸਮੇਂ 'ਚ ਪੂਰਾ ਨਹੀਂ ਹੋਇਆ। ਪਿਛਲੇ ਲੰਮੇ ਸਮੇਂ ਤੋਂ ਇਸ ਕੰਮ ਦੇ ਬੰਦ ਹੋਣ ਅਤੇ ਜ਼ਿਲਾ ਕੋਰਟ ਕੰਪਲੈਕਸ ਦੇ ਲੁਧਿਆਣਾ ਰੋਡ 'ਤੇ ਹੀ ਸਥਿਤ ਹੋਣ ਕਾਰਨ ਵਕੀਲਾਂ ਨੂੰ ਵੀ ਕੋਰਟ 'ਚ ਪਹੁੰਚਣ 'ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰ ਕੇ ਵਕੀਲ ਭਾਈਚਾਰੇ ਨੇ ਵੀ ਇਸ ਫੋਰਲੇਨ ਨਿਰਮਾਣ ਕਾਰਜ ਨੂੰ ਨਿਰਵਿਘਨ ਚੱਲਦਾ ਰਹਿਣ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨਾਲ ਮਿਲ ਕੇ ਇਸ ਸਬੰਧੀ ਗੁਹਾਰ ਲਾਈ ਸੀ।  ਜਿਸ 'ਤੇ ਉਨ੍ਹਾਂ ਵੱਲੋਂ ਇਸ ਕਾਰਜ ਨੂੰ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜਪਾਲ ਸ਼ਰਮਾ ਨੇ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਦਾ ਇਸ ਦੇ ਲਈ ਜਿੱਥੇ ਸਮੂਹ ਵਕੀਲ ਭਾਈਚਾਰੇ ਵੱਲੋਂ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਨੂੰ ਦੱਸਿਆ ਕਿ ਮੋਗਾ ਜੀ. ਟੀ. ਰੋਡ ਤੋਂ ਦੱਤ ਰੋਡ ਵੱਲ ਮੁੜਨ ਅਤੇ ਪਹੁੰਚਣ ਵਾਲਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਦੱਤ ਰੋਡ 'ਤੇ ਹਸਪਤਾਲ ਹੋਣ ਕਰ ਕੇ ਜ਼ਿਆਦਾਤਰ ਸ਼ਹਿਰ ਵਾਸੀਆਂ ਨੂੰ ਬੀਮਾਰੀ ਦੀ ਹਾਲਤ 'ਚ ਇੱਥੇ ਆਉਣਾ-ਜਾਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਾਸੀਆਂ ਨੂੰ ਇਸ ਕਰ ਕੇ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇ। 
ਇਸ ਮੌਕੇ ਐਡਵੋਕੇਟ ਪਵਨ ਕੁਮਾਰ ਸ਼ਰਮਾ, ਵਾਸੂਦੇਵ ਸਿੰਘ ਗਿੱਲ, ਐਡਵੋਕੇਟ ਜਤਿੰਦਰ, ਐਡਵੋਕੇਟ ਸੁਖਚੈਨ ਸਿੰਘ, ਐਡਵੋਕੇਟ ਰਣਜੀਤ ਧਾਲੀਵਾਲ, ਐਡਵੋਕੇਟ ਹਰਦੀਪ ਸਿੰਘ ਲੋਧੀ, ਐਡਵੋਕੇਟ ਸਵਰਨਜੀਤ ਸ਼ਰਮਾ, ਐਡਵੋਕੇਟ ਗਗਨਦੀਪ ਸਿੰਘ ਬਰਾੜ, ਐਡਵੋਕੇਟ ਚੰਦਰਕਾਂਤ, ਐਡਵੋਕੇਟ ਸਾਹਿਲ ਗੋਇਲ ਆਦਿ ਮੌਜੂਦ ਸਨ। 


Related News