ਦੇਸ਼ ਦਾ ਪਹਿਲਾ ਸਮਾਰਟ ਸਿਟੀ ਕਾਰਡ ਚੰਡੀਗੜ੍ਹ ''ਚ ਲਾਂਚ

12/13/2017 8:08:17 AM

ਚੰਡੀਗੜ੍ਹ, (ਵਿਜੇ)- ਕੈਸ਼ਲੈੱਸ ਕੰਸੈਪਟ ਨੂੰ ਅੱਗੇ ਵਧਾਉਂਦੇ ਹੋਏ ਚੰਡੀਗੜ੍ਹ ਦੇਸ਼ ਦਾ ਪਹਿਲਾ ਸਮਾਰਟ ਸਿਟੀ ਕਾਰਡ ਲਾਂਚ ਕਰਨ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ। ਸਮਾਰਟ ਕਾਰਡ ਦੀ ਵਰਤੋਂ ਸ਼ਹਿਰ ਦੇ ਲੋਕ ਸਰਕਾਰੀ ਬਿੱਲ ਭਰਨ ਦੇ ਨਾਲ-ਨਾਲ ਸੀ. ਟੀ. ਯੂ. ਦੀਆਂ ਬੱਸਾਂ ਲਈ ਵੀ ਕਰ ਸਕਦੇ ਹਨ। ਇਸਦੇ ਨਾਲ ਹੀ ਰੈਂਟ ਕੁਲੈਕਸ਼ਨ, ਲਿਕਰ ਸ਼ਾਪਸ ਤੇ ਪੈਟਰੋਲ ਪੰਪ 'ਤੇ ਵੀ ਇਸ ਕਾਰਡ ਜ਼ਰੀਏ ਪੇਮੈਂਟ ਹੋ ਸਕੇਗੀ। 
ਮੰਗਲਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ 'ਚ ਸਮਾਰਟ ਸਿਟੀ ਕਾਰਡ ਲਾਂਚ ਕੀਤਾ। ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਸ ਕਾਰਡ 'ਚ ਕਸਟਮਰ ਦੀ ਫੋਟੋ ਦੇ ਨਾਲ-ਨਾਲ ਉਸਦੀ ਪੂਰੀ ਡਿਟੇਲ ਵੀ ਹੋਵੇਗੀ। ਸਾਰੇ ਆਧਾਰ ਕਾਰਡ ਹੋਲਡਰ ਇਸ ਕਾਰਡ ਨੂੰ ਈ-ਸੰਪਰਕ ਸੈਂਟਰ ਤੋਂ ਹਾਸਲ ਕਰ ਸਕਦੇ ਹਨ। ਇਸਦੇ ਨਾਲ ਹੀ ਬੈਂਕ ਆਫ ਇੰਡੀਆ ਦੇ ਆਨਲਾਈਨ ਪੋਰਟਲ 'ਚ ਵੀ ਇਸ ਕਾਰਡ ਨੂੰ ਬਣਾਇਆ ਜਾ ਸਕਦਾ ਹੈ। ਇਸ ਮੌਕੇ ਵੀ. ਪੀ. ਸਿੰਘ ਬਦਨੌਰ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਦੇ ਇਤਿਹਾਸ 'ਚ ਇਹ ਇਕ ਵੱਡਾ ਦਿਨ ਹੈ। ਇਹ ਕਾਰਡ ਪਹਿਲੀ ਵਾਰ ਚੰਡੀਗੜ੍ਹ 'ਚ ਲਾਂਚ ਹੋਇਆ ਹੈ ਪਰ ਇਸਦਾ ਫਾਇਦਾ ਪੂਰੇ ਦੇਸ਼ ਨੂੰ ਹੋਵੇਗਾ।
50 ਹਜ਼ਾਰ ਤਕ ਹੋਵੇਗੀ ਲਿਮਟ
ਆਰ. ਬੀ. ਆਈ. ਦੇ ਨਿਯਮਾਂ ਮੁਤਾਬਿਕ ਇਸ ਕਾਰਡ ਦੀ ਲਿਮਟ 50 ਹਜ਼ਾਰ ਰੁਪਏ ਤਕ ਹੋਵੇਗੀ। ਯੂਜ਼ਰਸ ਨੂੰ ਇਸ ਕਾਰਡ ਜ਼ਰੀਏ ਹੋਣ ਵਾਲੀ ਟ੍ਰਾਂਜੈਕਸ਼ਨ ਦੀ ਪੂਰੀ ਜਾਣਕਾਰੀ ਐੱਸ. ਐੱਮ. ਐੱਸ. ਜ਼ਰੀਏ ਮਿਲਦੀ ਰਹੇਗੀ। ਰੈਜ਼ੀਡੈਂਟਸ ਇਸ ਕਾਰਡ ਲਈ ਆਪਣੇ ਆਧਾਰ ਕਾਰਡ ਜ਼ਰੀਏ ਅਪਲਾਈ ਕਰ ਸਕਦੇ ਹਨ। ਇਸ ਕਾਰਡ ਦੀ ਕੀਮਤ 500 ਰੁਪਏ ਰੱਖੀ ਗਈ ਹੈ, ਜਿਸ 'ਚ 350 ਰੁਪਏ ਸ਼ੁਰੂ 'ਚ ਹੀ ਵਰਤਣ ਦੀ ਸਹੂਲਤ ਹੋਵੇਗੀ, ਜਦੋਂਕਿ 150 ਰੁਪਏ ਕਾਰਡ ਦੀ ਕੀਮਤ ਰੱਖੀ ਗਈ ਹੈ, ਜੋ ਰੀਫੰਡ ਨਹੀਂ ਹੋਵੇਗੀ। ਕਾਰਡ ਨੂੰ ਰੀਲੋਡ ਕਰਨ ਲਈ ਈ-ਸੰਪਰਕ ਸੈਂਟਰ 'ਚ ਕੈਸ਼ ਪੇਮੈਂਟ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡੈਬਿਟ ਕਾਰਡ, ਇੰਟਰਨੈੱਟ ਬੈਂਕਿੰਗ ਤੇ ਯੂ. ਪੀ. ਆਈ.-ਭੀਮ ਐਪਲੀਕੇਸ਼ਨਸ ਨਾਲ ਵੀ ਇਸ ਨੂੰ ਰੀਲੋਡ ਕੀਤਾ ਜਾ ਸਕਦਾ ਹੈ।
15 ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਪ੍ਰਸ਼ਾਸਨ ਦੀ ਯੋਜਨਾ ਹੈ ਕਿ ਇਸ ਕਾਰਡ ਦੀ ਇਕ ਲਾਂਚਿੰਗ 25 ਦਸੰਬਰ ਨੂੰ 'ਗੁੱਡ ਗਵਰਨੈਂਸ ਡੇ' ਮੌਕੇ ਹੋਵੇਗੀ, ਜਦੋਂਕਿ ਸਮਾਰਟ ਸਿਟੀ ਕਾਰਡ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 15 ਦਸੰਬਰ ਤੋਂ ਸ਼ੁਰੂ ਕੀਤੀ ਜਾਏਗੀ। ਇਸ ਸਬੰਧੀ ਬੈਂਕ ਆਫ ਇੰਡੀਆ ਦੀ ਕਿਸੇ ਵੀ ਬ੍ਰਾਂਚ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਸ਼ਹਿਰ ਨੂੰ ਕੈਸ਼ਲੈੱਸ ਬਣਾਉਣ ਲਈ ਇਹ ਇਕ ਵੱਡਾ ਕਦਮ ਹੈ, ਉਥੇ ਹੀ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਪਰਿਮਲ ਰਾਏ ਨੇ ਦੱਸਿਆ ਕਿ 2000 ਤਕ ਦੀ ਟ੍ਰਾਂਜੈਕਸ਼ਨ ਓ. ਟੀ. ਪੀ. ਤੋਂ ਬਿਨਾਂ ਹੋਵੇਗੀ, ਜਦੋਂਕਿ ਇਸ ਤੋਂ ਜ਼ਿਆਦਾ ਦੀ ਟ੍ਰਾਂਜੈਕਸ਼ਨ ਲਈ ਓ. ਟੀ. ਪੀ. ਜ਼ਰੂਰੀ ਹੋਵੇਗੀ।
ਆਈ ਕਾਰਡ ਵਾਂਗ ਵੀ ਹੋ ਸਕੇਗੀ ਵਰਤੋਂ
ਇਸ ਕਾਰਡ ਨੂੰ ਆਈ ਕਾਰਡ ਵਜੋਂ ਵੀ ਵਰਤਿਆ ਜਾ ਸਕਦਾ ਹੈ, ਜਦੋਂਕਿ ਮਾਪੇ ਆਪਣੇ ਬੱਚਿਆਂ ਨੂੰ ਵੀ ਵਰਤਣ ਲਈ ਦੇ ਸਕਦੇ ਹਨ। ਪ੍ਰਸ਼ਾਸਨ ਵਲੋਂ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਸਮਾਰਟ ਸਿਟੀ ਕਾਰਡ ਲਈ ਮਰਚੈਂਟ ਡਿਸਕਾਊਂਟ ਰੇਸ਼ੋ 0.25-0.50 ਫੀਸਦੀ ਪ੍ਰਪੋਜ਼ਡ ਕੀਤਾ ਗਿਆ ਹੈ। ਇਸ ਮੌਕੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ, ਡਿਪਟੀ ਕਮਿਸ਼ਨਰ ਅਜੀਤ ਬਾਲਾ ਜੀ ਜੋਸ਼ੀ, ਮੇਅਰ ਆਸ਼ਾ ਜਾਇਸਵਾਲ ਤੇ ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਐੱਸ. ਕੇ. ਸਵੈਨ ਵੀ ਮੌਜੂਦ ਸਨ।


Related News