ਪੰਜਾਬ ਰੋਡਵੇਜ਼ ਮੋਗਾ ਦੀ ਵਰਕਸ਼ਾਪ ਅੰਦਰੋਂ ਭਾਰੀ ਮਾਤਰਾ ''ਚ ਮਿਲਿਆ ਡੇਂਗੂ ਦਾ ਲਾਰਵਾ

10/18/2017 12:11:13 PM

ਮੋਗਾ (ਗਰੋਵਰ/ਗੋਪੀ) - ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਬੱਸ ਸਟੈਂਡ ਮੋਗਾ ਵਿਖੇ ਸਥਿਤ ਰੋਡਵੇਜ਼ ਵਰਕਸ਼ਾਪ 'ਚ ਡੇਂਗੂ ਦੇ ਲਾਰਵੇ ਸਬੰਧੀ ਜਾਂਚ ਕੀਤੀ ਗਈ। ਜਾਂਚ ਦੌਰਾਨ ਵਰਕਸ਼ਾਪ ਅੰਦਰੋਂ ਬਹੁਤ ਸਾਰੀਆਂ ਥਾਵਾਂ 'ਤੇ ਪਾਣੀ ਖੜ੍ਹਾ ਮਿਲਿਆ, ਜਿਸ ਵਿਚ ਡੇਂਗੂ ਦਾ ਲਾਰਵਾ ਬਹੁਤ ਵੱਡੀ ਮਾਤਰਾ 'ਚ ਮਿਲਿਆ। ਇਸ ਤੋਂ ਇਲਾਵਾ ਵਰਕਸ਼ਾਪ ਦੇ ਅੰਦਰ ਪਏ ਲਗਭਗ 2000 ਬੇਕਾਰ ਟਾਇਰਾਂ 'ਚ ਡੇਂਗੂ ਦਾ ਲਾਰਵਾ ਮਿਲਿਆ। ਸਿਹਤ ਵਿਭਾਗ ਦੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਰੋਡਵੇਜ਼ ਦੇ ਬਹੁਤ ਸਾਰੇ ਟੈਕਨੀਕਲ ਮੁਲਾਜ਼ਮ ਇਨ੍ਹੀ ਦਿਨੀਂ ਬੁਖਾਰ ਨਾਲ ਪੀੜਤ ਹੋ ਰਹੇ ਹਨ, ਜਿਸ ਕਾਰਨ ਸਿਹਤ ਵਿਭਾਗ ਦੀ ਟੀਮ ਨੇ ਵਰਕਸ਼ਾਪ ਦੀ ਜਾਂਚ ਕਰਨ ਦਾ ਫੈਸਲਾ ਲਿਆ। ਇਸ ਦੌਰਾਨ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ 'ਚ 9 ਮੈਂਬਰੀ ਟੀਮ ਨੇ ਸਾਰੀ ਬਿਲਡਿੰਗ ਦੀ ਜਾਂਚ ਕਰ ਕੇ ਲਾਰਵੇ ਨੂੰ ਨਸ਼ਟ ਕਰਵਾਇਆ। ਕਮਰਿਆਂ, ਟਾਇਰਾਂ ਅਤੇ ਖੜ੍ਹੇ ਪਾਣੀ 'ਚ ਬੀ. ਟੀ. ਆਈ. ਅਤੇ ਟੈਮੀਫਾਸ ਦੀ ਸਪਰੇਅ ਕਰਵਾਈ ਗਈ ਅਤੇ ਰੋਡਵੇਜ਼ ਮੁਲਾਜ਼ਮਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਪੰਫਲੇਟ ਵੀ ਵੰਡੇ ਗਏ। 
ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੀ ਸਫਾਈ ਸਬੰਧੀ ਮਾੜੀ ਹਾਲਤ ਬਾਰੇ ਜੀ. ਐੱਮ. ਮੋਗਾ ਨੂੰ ਸਿਹਤ ਵਿਭਾਗ ਵੱਲੋਂ ਪੱਤਰ ਜਾਰੀ ਕਰ ਕੇ ਸਮਾਂਬੱਧ ਸਫਾਈ ਕਰਵਾਉਣ ਲਈ ਕਿਹਾ ਜਾਵੇਗਾ। ਇਸ ਟੀਮ 'ਚ ਗਗਨਦੀਪ ਸਿੰਘ ਐੱਸ. ਆਈ. ਸਿਵਲ ਹਸਪਤਾਲ ਮੋਗਾ, ਵਪਿੰਦਰ ਸਿੰਘ ਆਦਿ ਹਾਜ਼ਰ ਸਨ।


Related News