ਕਿਸਾਨ ਯੂਨੀਅਨ ਨੇ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ

06/26/2017 2:18:27 AM

ਮੌੜ ਮਡੀ,  (ਪ੍ਰਵੀਨ)-  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਮੰਗਤੇ ਕਹਿਣ 'ਤੇ ਕਿਸਾਨਾਂ ਦੇ ਮਨਾਂ ਵਿਚ ਵਿੱਤ ਮੰਤਰੀ ਪ੍ਰਤੀ ਗੁੱਸੇ ਦੀ ਲਹਿਰ ਦਿਨ-ਬ-ਦਿਨ ਜ਼ੋਰ ਫੜਦੀ ਜਾ ਰਹੀ ਹੈ। ਇਸੇ ਵਿਰੋਧ ਦੇ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਪਿੰਡ ਬੁਰਜ ਵਿਖੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਿਣਸ ਦਾ ਬਣਦਾ ਮੁੱਲ ਨਾ ਦੇ ਕੇ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸਾਨ ਅਸਲੀ ਬੀਜ, ਖ਼ਾਦਾਂ, ਸਮੇਂ 'ਤੇ ਨਹਿਰੀ ਪਾਣੀ ਅਤੇ ਬਿਜਲੀ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਮੰਗਤੇ ਕਹਿ ਕੇ ਭੰਡਿਆ ਜਾ ਰਿਹਾ ਹੈ ਜਦਕਿ ਸੱਚਾਈ ਇਹ ਹੈ ਕਿ ਮੰਗਤੇ ਤਾਂ ਖ਼ੁਦ ਨੇਤਾ ਹਨ ਜਿਹੜੇ ਵੋਟਾਂ ਤੋਂ ਪਹਿਲਾਂ ਝੂਠ ਬੋਲਦੇ ਹਨ ਅਤੇ ਦਰ-ਦਰ ਜਾ ਕੇ ਵੋਟਾਂ ਮੰਗਦੇ ਹਨ। ਇਸ ਮੌਕੇ ਬਲਵਿੰਦਰ ਸਿੰਘ ਜੋਧਪੁਰ, ਜਸਵਿੰਦਰ ਸਿੰਘ ਗਹਿਰੀ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ। ਕਿਸਾਨਾਂ ਨੇ ਕਿਹਾ ਕਿ ਜੇਕਰ ਵਿੱਤ ਮੰਤਰੀ ਪੰਜਾਬ ਮੁਆਫੀ ਨਹੀਂ ਮੰਗਦਾ ਤਾਂ ਉਨ੍ਹਾਂ ਨੂੰ ਜਥੇਬੰਦੀ ਦੀ ਪ੍ਰੰਪਰਾ ਮੁਤਾਬਕ ਸੰਘਰਸ਼ ਨਾਲ ਮੁਆਫੀ ਲਈ ਮਜਬੂਰ ਕਰ ਦਿੱਤਾ ਜਾਵੇਗਾ।


Related News