ਗੈਰ ਮਿਆਰੀ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਕਿਸਾਨਾਂ ਦੇ ਹੱਤਿਆਰੇ : ਜਾਖੜ

08/18/2017 5:12:47 AM

ਸੁਲਤਾਨਪੁਰ ਲੋਧੀ/ਜਲੰਧਰ (ਸੋਢੀ, ਧੀਰ,ਧਵਨ) - ਗੈਰ ਮਿਆਰੀ ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖਿਲਾਫ ਪੰਜਾਬ ਸਰਕਾਰ ਵਲੋਂ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਇਕ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇਗਾ, ਜਿਸ ਨੂੰ ਕਿਸਾਨਾਂ ਦੇ ਹੱਤਿਆਰੇ ਮੰਨਦੇ ਹੋਏ ਵਿਧਾਨ ਸਭਾ 'ਚ ਸਖਤ ਕਾਨੂੰਨ ਬਣਾ ਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਦਰਿਆ ਬਿਆਸ 'ਚ ਆਏ ਹੜ੍ਹ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ ਕਰਨ ਉਪਰੰਤ ਧੁੱਸੀ ਬੰਨ੍ਹ ਦੇ ਨਜ਼ਦੀਕ ਪਿੰਡ ਸ਼ੇਰਪੁਰ ਡੋਗਰਾਂ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੇ।
ਜਾਖੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਿਆ ਤੇ ਪੰਜਾਬ ਸਰਕਾਰ ਵਲੋਂ ਸਾਰੀ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਸਮੇਂ ਉਨ੍ਹਾਂ ਦੇ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਗੁਰਕੀਰਤ ਸਿੰਘ ਕੋਟਲੀ ਐੱਮ. ਐੱਲ. ਏ., ਰਮਨਜੀਤ ਸਿੰਘ ਸਿੱਕੀ ਐੱਮ. ਐੱਲ. ਏ. ਪੱਟੀ, ਸੁਖਪਾਲ ਸਿੰਘ ਭੁੱਲਰ ਐੱਮ. ਐੱਲ. ਏ. ਤੇ ਸੀਨੀਅਰ ਕਾਂਗਰਸੀ ਆਗੂ ਰਾਜਾ ਗੁਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ, ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਆਦਿ ਨੇ ਵੀ ਸ਼ਿਰਕਤ ਕੀਤੀ। ਜਾਖੜ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਖੇਤੀਬਾੜੀ ਵਿਭਾਗ ਨੇ ਫੌਰੀ ਕਾਰਵਾਈ ਕਰਦੇ ਹੋਏ ਅੱਧੀ ਦਰਜਨ ਕੀਟਨਾਸ਼ਕ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਤੇ ਕਈ ਹੋਰਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਲਏ ਗਏ ਸੈਂਪਲਾਂ 'ਚੋਂ 94 ਨਮੂਨੇ ਫੇਲ ਹੋਏ ਹਨ, ਜਿਨ੍ਹਾਂ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ।
36 ਦੇ ਸੈਂਪਲ ਫੇਲ ਹੋਏ ਸਨ ਪਰ ਬਾਦਲ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ
ਉਨ੍ਹਾਂ ਸੂਬੇ ਦੀ ਸਾਬਕਾ ਅਕਾਲੀ-ਭਾਜਪਾ ਗਠਬੰਧਨ ਸਰਕਾਰ 'ਤੇ ਦੋਸ਼ ਲਾਇਆ ਕਿ ਪਿਛਲੀ ਸਮੇਂ ਦੀਆਂ ਚਲਦੀਆਂ ਕੁਝ ਠੱਗੀ ਦੀਆਂ ਦੁਕਾਨਾਂ ਹੁਣ ਸਖਤੀ ਨਾਲ ਬੰਦ ਹੋਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ 'ਚ ਖੇਤੀਬਾੜੀ ਵਿਭਾਗ ਵਲੋਂ ਲਏ ਗਏ ਸੈਂਪਲਾਂ 'ਚ 36 ਦੇ ਸੈਂਪਲ ਫੇਲ ਹੋਏ ਸਨ ਪਰ ਬਾਦਲ ਸਰਕਾਰ ਦੇ ਸਮੇਂ ਕਿਸੇ ਕੰਪਨੀ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਸੂਬੇ ਦੇ ਕਿਸਾਨ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਕੈਪਟਨ ਤਕ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਘਾਟ ਹੁੰਦੀ ਹੈ ਤਾਂ ਪਹਿਲਾਂ ਕਿਸਾਨ ਨੂੰ ਮੁਸ਼ਕਿਲ ਆਉਂਦੀ ਹੈ ਤੇ ਜੇਕਰ ਪਾਣੀ ਜ਼ਿਆਦਾ ਹੋ ਕੇ ਹੜ੍ਹ ਆਉਂਦਾ ਹੈ ਤਾਂ ਵੀ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੁੰਦਾ ਹੈ।
ਇਸ ਸਮੇਂ ਨਵਤੇਜ ਸਿੰਘ ਚੀਮਾ ਐੱਮ. ਐੱਲ. ਏ. ਹਲਕਾ ਸੁਲਤਾਨਪੁਰ ਲੋਧੀ ਤੇ ਕਿਸਾਨ ਪਰਮਜੀਤ ਸਿੰਘ ਬਾਊਪੁਰ ਨੇ ਜਾਖੜ ਨੂੰ ਇਲਾਕੇ ਦੇ ਹੜ੍ਹ-ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤਾਂ ਜਾਖੜ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਦਰਿਆ ਬਿਆਸ ਤੇ ਪਲਟੂਨ ਬ੍ਰਿਜ ਦੀ ਥਾਂ ਪੱਕਾ ਪੁਲ ਬਣਾਉਣ ਲਈ ਸਰਕਾਰ ਨੂੰ ਤੁਰੰਤ ਪ੍ਰਪੋਜਲ ਭੇਜਣ ਲਈ ਕਿਹਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਕੈਪਟਨ ਸਾਹਿਬ ਰਾਹੀਂ ਪੱਕਾ ਪੁਲ ਬਣਾਉਣ ਲਈ ਯੋਗ ਕਾਰਵਾਈ ਕਰਨਗੇ। ਉਨ੍ਹਾਂ ਡੀ. ਸੀ. ਤੇ ਐੱਸ. ਡੀ. ਐੱਮ. ਨੂੰ ਕਿਹਾ ਕਿ ਉਹ ਮੰਡ ਖੇਤਰ ਦੇ ਹੜ੍ਹਾਂ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾਉਣ ਤੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ। ਇਸ ਸਮੇਂ ਰਾਜਾ ਗਰਪ੍ਰੀਤ ਸਿੰਘ ਨੇ ਜਾਖੜ ਨੂੰ ਜੀ ਆਇਆਂ ਨੂੰ ਕਿਹਾ।


Related News