ਅਗਵਾ ਨੌਜਵਾਨ 8 ਘੰਟਿਆਂ ''ਚ ਬਰਾਮਦ

08/15/2017 2:30:03 AM

ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਮੇਹਟੀਆਣਾ ਅਧੀਨ ਪਿੰਡ ਹਾਰਟਾ ਦੇ ਅਗਵਾ ਕੀਤੇ ਇਕ ਨੌਜਵਾਨ ਸੰਤੋਖ ਕੁਮਾਰ ਪੁੱਤਰ ਜਰਨੈਲ ਸਿੰਘ ਨੂੰ ਪੁਲਸ ਨੇ ਅਗਵਾ ਕਰਨ ਦੇ 8 ਘੰਟਿਆਂ ਵਿਚ ਬਰਾਮਦ ਕਰ ਲਿਆ। ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਅੱਜ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ 13 ਅਗਸਤ ਨੂੰ 181 ਹੈਲਪ ਲਾਈਨ 'ਤੇ ਅਮਰੀਕ ਸਿੰਘ ਪੁੱਤਰ ਮੋਹਨ ਲਾਲ ਵਾਸੀ ਪਿੰਡ ਕਿੰਗਰਾ ਚੋਅ ਵਾਲਾ, ਥਾਣਾ ਭੋਗਪੁਰ, ਜ਼ਿਲਾ ਜਲੰਧਰ ਨੇ ਸੂਚਿਤ ਕੀਤਾ ਸੀ ਕਿ ਉਸ ਦੇ ਸਾਲੇ ਸੰਤੋਖ ਰਾਮ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਹਾਰਟਾ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਹੈ ਤੇ ਅਗਵਾਕਾਰ 5 ਲੱਖ ਰੁਪਏ ਦੀ ਫਿਰੌਤੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਘਟਨਾ ਦੀ ਸੂਚਨਾ ਮਿਲਣ 'ਤੇ ਧਾਰਾ 364-ਏ ਅਧੀਨ ਕੇਸ ਦਰਜ ਕਰ ਲਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਤੇ ਡੀ. ਐੱਸ. ਪੀ. ਇਨਵੈਸਟੀਗੇਸ਼ਨ ਗੁਰਜੀਤਪਾਲ ਸਿੰਘ ਦੀ ਅਗਵਾਈ 'ਚ ਅਗਵਾਕਾਰ ਨੂੰ ਫੜਨ ਲਈ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਸੀ ਅਤੇ ਜ਼ਿਲੇ ਭਰ 'ਚ ਵਿਸ਼ੇਸ਼ ਨਾਕੇ ਲਾ ਦਿੱਤੇ ਸਨ। 
ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੂੰ ਸੰਤੋਖ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਅਗਵਾਕਾਰ ਸੰਤੋਖ ਨੂੰ ਛੱਡਣ ਲਈ 5 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਹਨ। ਪੁਲਸ ਸੰਤੋਖ ਦੀ ਪਤਨੀ ਨਾਲ ਫਿਰੌਤੀ ਦੀ ਰਕਮ ਲੈ ਕੇ ਉਸ ਸਥਾਨ 'ਤੇ ਪਹੁੰਚੀ, ਜਿੱਥੇ ਅਗਵਾਕਾਰ ਨੇ ਆਉਣ ਨੂੰ ਕਿਹਾ ਸੀ ਪਰ ਅਗਵਾਕਾਰ ਉੱਥੇ ਨਾ ਪਹੁੰਚੇ। ਪੁਲਸ ਦੇ ਵਧਦੇ ਦਬਾਅ ਨੂੰ ਦੇਖ ਅਗਵਾਕਾਰ ਨੇ ਸੰਤੋਖ ਨੂੰ ਸਰਹਾਲਾ ਅੱਡੇ 'ਤੇ ਛੱਡ ਦਿੱਤਾ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਸਬ-ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ 'ਚ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਸ ਨੇ ਅਗਵਾਕਾਰਾਂ ਕਮਲਜੀਤ ਸਿੰਘ ਉਰਫ ਕਮਲ ਅਤੇ ਕੁਲਦੀਪ ਸਿੰਘ ਉਰਫ ਦੀਪਾ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਕਮਲਜੀਤ ਸਿੰਘ ਕੋਲੋਂ 112 ਗ੍ਰਾਮ ਤੇ ਕੁਲਦੀਪ ਸਿੰਘ ਕੋਲੋਂ 90 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਤੀਸਰੇ ਦੋਸ਼ੀ ਜਸਵੀਰ ਸਿੰਘ ਉਰਫ ਜੱਸਾ ਨੂੰ ਵੀ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਕਬਜ਼ੇ 'ਚੋਂ ਵੀ 105 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਤਿੰਨਾਂ ਵਿਰੁੱਧ ਨਾਰਕੋਟਿਕਸ ਐਕਟ ਅਧੀਨ ਵੀ ਮਾਮਲੇ ਦਰਜ ਕਰ ਲਏ ਗਏ ਹਨ। 
ਸ਼੍ਰੀ ਏਲੀਚੇਲਿਅਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਸੰਤੋਖ ਨੂੰ ਅਗਵਾ ਡਰੱਗਜ਼ ਖਰੀਦਣ ਲਈ ਪੈਸੇ ਲੈਣ ਖਾਤਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ.ਗੁਰਜੀਤਪਾਲ ਸਿੰਘ, ਥਾਣਾ ਮੇਹਟੀਆਣਾ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਵੀ ਹਾਜ਼ਰ ਸਨ।


Related News