ਵਿਆਜ ''ਤੇ ਦਿੱਤੇ ਪੈਸੇ ਨਾ ਮੋੜਨ ''ਤੇ ਸਾਬਕਾ ਕੌਂਸਲਰ ਪਤੀ ਨੇ ਸਾਥੀਆਂ ਸਮੇਤ ਅਗਵਾ ਕਰ ਕੇ ਲਿਆਂਦਾ ਦਫਤਰ

12/13/2017 4:50:49 AM

ਲੁਧਿਆਣਾ(ਰਿਸ਼ੀ)-ਵਿਆਜ 'ਤੇ ਦਿੱਤੇ ਪੈਸੇ ਨਾ ਮੋੜਨ 'ਤੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਪਤੀ ਹਰਪ੍ਰੀਤ ਬੇਦੀ ਤੇ ਉਸ ਦੇ ਸਾਥੀਆਂ ਨੇ ਇਕ ਵਿਅਕਤੀ ਨੂੰ ਅਗਵਾ ਕਰ ਲਿਆ ਅਤੇ ਦਫਤਰ ਲਿਆ ਕੇ ਕੁੱਟਮਾਰ ਕਰ ਕੇ ਜ਼ਬਰਦਸਤੀ ਖਾਲੀ ਚੈੱਕਾਂ ਤੇ ਦਸਤਾਵੇਜ਼ਾਂ 'ਤੇ ਹਸਤਾਖਰ ਕਰਵਾ ਲਏ। ਇਸ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ 4 ਲੋਕਾਂ ਖਿਲਾਫ ਅਗਵਾ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਪਛਾਣ ਹਰਮਿੰਦਰ ਸਿੰਘ ਉਸ ਦੀ ਪਤਨੀ ਕੁਲਦੀਪ ਕੌਰ ਕੌਂਸਲਰ ਪਤੀ ਹਰਪ੍ਰੀਤ ਬੇਦੀ ਅਤੇ ਸੰਧੂ ਦੇ ਰੂਪ ਵਿਚ ਹੋਈ ਹੈ। Êਪੁਲਸ ਨੂੰ ਦਿੱਤੇ ਬਿਆਨ 'ਚ ਸੁਭਾਸ਼ ਬਾਂਸਲ ਨੇ ਦੱਸਿਆ ਕਿ ਉਹ ਪਹਿਲਾਂ ਵਾਟਰ ਪਿਊਰੀਫਾਈ ਦਾ ਕੰਮ ਕਰਦਾ ਸੀ, ਉਸ ਨੇ ਦੋਸ਼ੀ ਹਰਮਿੰਦਰ ਸਿੰਘ ਤੋਂ 12 ਫੀਸਦੀ 'ਤੇ 1 ਲੱਖ ਰੁਪਏ ਵਿਆਜ 'ਤੇ ਲਏ ਸਨ ਅਤੇ 3500 ਰੁਪਏ ਪ੍ਰਤੀ ਹਫਤਾ ਕਿਸ਼ਤ ਦਿੰਦਾ ਸੀ। ਮੰਦਾ ਹੋਣ 'ਤੇ ਉਸ ਨੇ ਕੰਮ ਬੰਦ ਕਰ ਦਿੱਤਾ ਅਤੇ ਪੈਟਰੋਲ ਪੰਪ 'ਤੇ ਨੌਕਰੀ ਕਰਨ ਲੱਗ ਪਿਆ। ਲੋਕਾਂ ਦੇ ਜ਼ਿਆਦਾ ਪੈਸੇ ਕਾਰਨ ਉਹ ਘਰ ਛੱਡ ਕੇ ਲੁਕ ਕੇ ਰਹਿਣ ਲੱਗ ਪਿਆ। ਐਤਵਾਰ ਨੂੰ ਉਹ ਸਰਾਭਾ ਨਗਰ ਮਾਰਕੀਟ 'ਚ ਕਿਸੇ ਕੰਮ ਕਾਰਨ ਆਇਆ ਸੀ, ਜਿਥੇ ਉਸ ਦੀ ਮੁਲਾਕਾਤ ਉਕਤ ਦੋਸ਼ੀ ਹਰਮਿੰਦਰ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨਾਲ ਹੋ ਗਈ, ਜਿਨ੍ਹਾਂ ਨੇ ਉਸ ਨੂੰ ਦੇਖ ਕੇ ਤੁਰੰਤ ਫੋਨ ਕਰ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ, ਜੋ ਉਸ ਨੂੰ ਜ਼ਬਰਦਸਤੀ ਕਾਰ 'ਚ ਬਿਠਾ ਕੇ ਸਾਬਕਾ ਕੌਂਸਲਰ ਪਤੀ ਹਰਪ੍ਰੀਤ ਬੇਦੀ ਦੇ ਦਫਤਰ ਲੈ ਗਏ, ਜਿਥੇ ਉਕਤ ਦੋਸ਼ੀਆਂ ਨੇ ਕੁੱਟਮਾਰ ਕਰ ਕੇ ਖਾਲੀ ਚੈੱਕ ਤੇ ਦਸਤਾਵੇਜ਼ਾਂ 'ਤੇ ਹਸਤਾਖਰ ਕਰਵਾ ਲਏ। ਇੰਨਾ ਹੀ ਨਹੀਂ ਉਸ ਦੀ ਪਤਨੀ ਨੂੰ ਫੋਨ ਕਰ ਕੇ ਪੈਸੇ ਲੈ ਕੇ ਆਉਣ ਦੀ ਗੱਲ ਕਹੀ, ਜਿਸ ਦੇ ਬਾਅਦ ਉਹ ਤੁਰੰਤ ਪੁਲਸ ਸਟੇਸ਼ਨ ਪਹੁੰਚੀ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਸਾਰੇ ਦੋਸ਼ੀ ਉਸ ਨੂੰ ਛੱਡ ਕੇ ਫਰਾਰ ਹੋ ਗਏ। ਪੁਲਸ ਅਨੁਸਾਰ ਸਾਰਿਆਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। 


Related News