''ਪਾਕਿ ਦਾ ਪਿੱਠੂ'' ਬਣਨ ਤੋਂ ਬਾਜ਼ ਆਵੇ ਖਾਲਸਾ ਦਲ : ਕਟਾਰੀਆ

08/17/2017 7:03:28 AM

ਕਪੂਰਥਲਾ, (ਜ. ਬ.)- ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਖਾਲਸਾ ਦਲ ਵੱਲੋਂ ਆਜ਼ਾਦੀ ਦਿਹਾੜੇ 'ਤੇ ਆਯੋਜਿਤ ਕੀਤੀ ਗਈ ਕਾਨਫਰੰਸ 'ਚ ਆਜ਼ਾਦੀ ਦਿਹਾੜੇ ਨੂੰ ਕਾਲਾ ਦਿਨ ਕਹਿਣ, ਪੰਜਾਬ ਬਣੇਗਾ ਖਾਲਿਸਤਾਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਖਾਲਸਾ ਦਲ 'ਪਾਕਿਸਤਾਨ ਦਾ ਪਿੱਠੂ' ਬਣਨ ਤੋਂ ਬਾਜ਼ ਆਵੇ। ਉਨ੍ਹਾਂ ਕਿਹਾ ਕਿ ਖਾਲਸਾ ਦਲ ਨੇ ਉਕਤ ਘਿਨਾਉਣੀ ਹਰਕਤ ਕਰ ਕੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਬਲਿਦਾਨ ਦੇਣ ਵਾਲੇ ਸਮੂਹ ਭਾਈਚਾਰੇ ਤੇ ਹਰ ਵਰਗ ਦੇ ਹਜ਼ਾਰਾਂ ਕ੍ਰਾਂਤੀਕਾਰੀ ਵੀਰਾਂ ਤੇ ਸੂਰਵੀਰਾਂ ਦਾ ਅਪਮਾਨ ਹੀ ਨਹੀਂ ਕੀਤਾ, ਸਗੋਂ ਦੇਸ਼ ਦੀ ਆਜ਼ਾਦੀ ਦੇ ਪ੍ਰਤੀ ਆਪਣੀ ਘਟੀਆ ਸੋਚ ਦਾ ਸੰਕੇਤ ਵੀ ਦਿੱਤਾ ਹੈ। ਜੇਕਰ ਅੱਤਵਾਦੀਆਂ ਤੇ ਖਾਲਿਸਤਾਨ ਸਮਰੱਥਕਾਂ ਦਾ ਭਾਰਤ 'ਚ ਰਹਿੰਦੇ ਹੋਏ ਉਨ੍ਹਾਂ ਦਾ ਹਾਜ਼ਮਾ ਅਤੇ ਦਿਮਾਗੀ ਸੰਤੁਲਨ ਠੀਕ ਨਹੀਂ ਰਹਿੰਦਾ ਤਾਂ ਉਨ੍ਹਾਂ ਨੂੰ ਤੁਰੰਤ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।
 ਉਨ੍ਹਾਂ ਕਿਹਾ ਕਿ ਅੱਤਵਾਦੀਆਂ ਤੇ ਖਾਲਿਸਤਾਨ ਸਮਰੱਥਕਾਂ ਦੀਆਂ ਖੂਨੀ ਤੇ ਸ਼ੈਤਾਨੀ ਕਾਰਵਾਈਆਂ ਦੇ ਕਾਰਨ ਹੀ ਪੰਜਾਬ 'ਚ 25 ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਮੌਤ ਦੀ ਨੀਂਦ ਸੌਣਾ ਪਿਆ। ਸ੍ਰੀ ਦਰਬਾਰ ਸਾਹਿਬ 'ਚ ਆਪ੍ਰੇਸ਼ਨ ਬਲਿਊ ਸਟਾਰ ਹੋਇਆ, ਸੈਂਕੜੇ ਨੂੰਹਾਂ-ਧੀਆਂ ਤੇ ਕਈ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਭੰਗ ਹੋਈ ਅਤੇ ਦੇਸ਼ ਕੀ ਏਕਤਾ, ਅਖੰਡਤਾ ਤੇ ਪੰਜਾਬ ਦੀ ਅਮਨ-ਸ਼ਾਂਤੀ ਤੇ ਹਿੰਦੂ-ਸਿੱਖਾਂ ਦੀ ਆਪਸੀ ਸਾਂਝ ਲਈ ਖਤਰਾ ਪੈਦਾ ਹੋਇਆ ਸੀ।  ਖਾਲਸਾ ਦਲ ਦੇਸ਼ ਤੇ ਸਮੁੱਚੀ ਮਾਨਵਤਾ ਦੇ ਦੁਸ਼ਮਣਾਂ ਲਈ ਇਕ ਸੰਜੀਵਨੀ ਬੂਟੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਅੱਤਵਾਦੀਆਂ ਤੇ ਖਾਲਿਸਤਾਨ ਸਮਰੱਥਕਾਂ ਦੇ ਦੇਸ਼ ਖਾਸ ਕਰ ਪੰਜਾਬ ਵਿਰੋਧੀ ਸੁਪਨਿਆਂ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਦੇਸ਼ 'ਚ ਰਹਿ ਕੇ ਦੇਸ਼ ਵਿਰੋਧੀ ਹਰਕਤਾਂ ਦੇਸ਼ ਦੇ ਗੱਦਾਰ ਹੀ ਕਰ ਸਕਦੇ ਹਨ। 
ਜਗਦੀਸ਼ ਕਟਾਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਅੱਤਵਾਦੀਆਂ ਨੂੰ ਚੁਣ-ਚੁਣ ਕੇ 'ਯਮਲੋਕ' ਪਹੁੰਚਾਉਣ ਤੇ ਖਾਲਿਸਤਾਨ ਸਮਰੱਥਕਾਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ। ਉਕਤ ਜਾਣਕਾਰੀ ਸ਼ਿਵ ਸੈਨਾ ਆਗੂ ਲਵਲੇਸ਼ ਢੀਂਗਰਾ ਅਤੇ ਰਾਜੇਸ਼ ਕਨੌਜੀਆ (ਸ਼ੇਖੂਪੁਰ) ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦਿੱਤੀ।


Related News