ਖਾਲਿਸਤਾਨ ਸਮਰਥਕਾਂ ਦੀਆਂ ਹਰਕਤਾਂ ਨੂੰ ਸਖਤੀ ਨਾਲ ਰੋਕਿਆ ਜਾਵੇ : ਕਟਾਰੀਆ

10/17/2017 4:03:43 AM

ਕਪੂਰਥਲਾ, (ਜ.ਬ.)- ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਸਥਿਤ ਗੁਰਦੁਆਰਿਆਂ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਜਨਮਤ-2020 ਦੇ ਨਾਅਰੇ ਲਿਖਣ ਦਾ ਸਖਤ ਨੋਟਿਸ ਲੈਂਦੇ ਹੋਏ ਅੱਤਵਾਦੀਆਂ ਤੇ ਖਾਲਿਤਸਾਨ ਸਮਰਥਕਾਂ ਨੂੰ ਸ਼ੈਤਾਨਾਂ ਦੇ ਦੂਤ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਅੱਤਵਾਦੀਆਂ ਤੇ ਖਾਲਿਸਤਾਨ ਸਮਰਥਕਾਂ ਦੇ ਕਾਰਨ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਪੈਦਾ ਹੋਇਆ, ਪੰਜਾਬ ਦੀ ਅਮਨ-ਸ਼ਾਂਤੀ ਭੰਗ ਹੋਈ, 25000 ਤੋਂ ਜ਼ਿਆਦਾ ਨਿਰਦੋਸ਼ ਵਿਅਕਤੀਆਂ ਦਾ ਕਤਲ ਹੋਇਆ, ਕਈ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਭੰਗ ਹੋਈ, ਸੈਂਕੜੇ ਨੂੰਹਾਂ-ਧੀਆਂ ਅਪਮਾਨਿਤ ਹੋਈਆਂ ਤੇ ਹਿੰਦੂ-ਸਿੱਖਾਂ ਦੀ ਆਪਸੀ ਸਾਂਝ ਤੇ ਪਿਆਰ 'ਚ ਜ਼ਹਿਰ ਘੋਲਿਆ ਗਿਆ ਸੀ। ਦੇਸ਼ ਦੇ ਦੁਸ਼ਮਣਾਂ ਤੇ ਮਾਨਵਤਾ ਦੀ ਮੌਤ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਕਟਾਰੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਤੋਂ ਮੰਗ ਕੀਤੀ ਕਿ ਅੱਤਵਾਦ ਤੇ ਖਾਲਿਸਤਾਨ ਸਮਰਥਕਾਂ ਦੀਆਂ ਹਰਕਤਾਂ ਨੂੰ ਤੁਰੰਤ ਸਖਤੀ ਨਾਲ ਰੋਕਿਆ ਜਾਵੇ।


Related News