ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਸੁਪਰੀਮ ਕੋਰਟ ਦੇ ਚੀਫ ਜੱਜ ਨੂੰ ਲਿਖਿਆ ਪੱਤਰ

12/12/2017 7:26:58 AM

ਤਰਨਤਾਰਨ, (ਜੁਗਿੰਦਰ ਸਿੱਧੂ)- ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਸੁਪਰੀਮ ਕੌਰਟ ਦੇ ਚੀਫ ਜੱਜ ਨੂੰ ਇਕ ਪੱਤਰ ਲਿਖਿਆ। ਆਪਣੇ ਪੱਤਰ 'ਚ ਉਨ੍ਹਾਂ ਲਿਖਿਆ ਕਿ ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਲਾਇਆ ਗਿਆ ਪਰ ਹਿੰਦੁਸਤਾਨੀ ਹਾਕਮਾਂ ਨੇ ਆਨੰਦਪੁਰ ਸਾਹਿਬ ਦਾ ਮਤਾ ਤਾਂ ਕੀ ਦੇਣਾ ਸੀ, ਸਭ ਕਾਨੂੰਨ ਛਿੱਕੇ 'ਤੇ ਟੰਗ ਕੇ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਬੋਲ ਦਿੱਤਾ। 72 ਘੰਟੇ ਤੱਕ ਤੋਪਾਂ, ਟੈਂਕਾਂ ਨਾਲ ਬੰਬਾਰੀ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਢਹਿ-ਢੇਰੀ ਕਰ ਦਿੱਤਾ ਗਿਆ। ਪੰਜਾਬ 'ਚ 25 ਹਜ਼ਾਰ ਤੋਂ ਉਪਰ ਸਿੱਖਾਂ ਨੂੰ ਝੂਠੇ ਮੁਕਾਬਲਿਆਂ 'ਚ ਸ਼ਹੀਦ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਲਾਵਾਰਿਸ ਅਤੇ ਅਣਪਛਾਤੀਆਂ ਕਰਾਰ ਦੇ ਕੇ ਸਾੜ ਦਿੱਤੀਆਂ ਗਈਆਂ। ਹਜ਼ਾਰਾਂ ਦੀਆਂ ਲਾਸ਼ਾਂ ਦਰਿਆਵਾਂ, ਨਹਿਰਾਂ 'ਚ ਰੋੜ ਦਿੱਤੀਆਂ ਗਈਆਂ।
ਭਾਈ ਜਸਵੰਤ ਸਿੰਘ ਖਾਲੜਾ ਨੇ ਸਮੇਂ ਦੇ ਹਾਕਮਾਂ ਤੇ ਦੁਸ਼ਟਾਂ ਨੂੰ ਬੇਨਕਾਬ ਕਰਦਿਆਂ 25 ਹਜ਼ਾਰ ਲਾਵਾਰਿਸ ਲਾਸ਼ਾਂ ਦਾ ਮਾਮਲਾ ਦੇਸ਼-ਵਿਦੇਸ਼ 'ਚ ਉਠਾਇਆ। ਅਖੀਰ ਸੱਚ 'ਤੇ ਪਰਦਾ ਪਾਉਣ ਲਈ ਉਨ੍ਹਾਂ ਨੂੰ 6 ਸਤੰਬਰ 1995 ਨੂੰ 8 ਕਬੀਰ ਪਾਰਕ, ਅੰਮ੍ਰਿਤਸਰ ਤੋਂ ਘਰੋਂ ਚੁੱਕ ਕੇ ਸ਼ਹੀਦ ਕਰ ਦਿੱਤਾ ਗਿਆ। ਸੁਪਰੀਮ ਕੋਰਟ ਕੋਲ ਜਦੋਂ ਭਾਈ ਖਾਲੜਾ ਦਾ ਕੇਸ ਪੁੱਜਾ ਤਾਂ ਉਨ੍ਹਾਂ ਲਾਏ ਗਏ ਦੋਸ਼ਾਂ ਬਾਰੇ ਕਿਹਾ ਕਿ ਜੇ ਸਚਾਈ ਇਹ ਹੈ ਤਾਂ ਇਹ ਨਸਲਕੁਸ਼ੀ ਤੋਂ ਵੀ ਭੈੜਾ ਕਾਰਾ ਹੈ। ਉਥੋਂ ਵੀ ਸਿਰਫ ਤਿੰਨ ਸ਼ਮਸ਼ਾਨਘਾਟਾਂ ਦੀ ਪੜਤਾਲ (ਅੰਮ੍ਰਿਤਸਰ, ਤਰਨਤਾਰਨ, ਪੱਟੀ) ਦੇ ਹੁਕਮ ਹੋਏ। ਸੀ. ਬੀ. ਆਈ., ਐੱਨ. ਐੱਚ. ਆਰ. ਸੀ. ਅਤੇ ਰਿਟਾਇਰਡ ਜੱਜਾਂ ਨੇ ਪੜਤਾਲਾਂ ਕੀਤੀਆਂ। 2097 ਲਾਸ਼ਾਂ ਲਾਵਾਰਿਸ ਕਰਾਰ ਦੇ ਸਾੜੇ ਜਾਣ ਦੀ ਸੀ. ਬੀ. ਆਈ. ਨੇ ਪੁਸ਼ਟੀ ਕੀਤੀ।
ਆਗੂਆਂ ਨੇ ਪੱਤਰ 'ਚ ਲਿਖਿਆ ਕਿ ਪੁਲਸ ਦਾ ਇਕ ਐੱਸ. ਐੱਸ. ਪੀ. ਮਈ 1998 'ਚ ਆਰ. ਐੱਨ. ਕੁਮਾਰ ਨਾਲ ਮੁਲਾਕਾਤ 'ਚ ਦਾਅਵਾ ਕਰਦਾ ਹੈ ਕਿ ਜਦੋਂ ਕੇ. ਪੀ. ਐੱਸ. ਗਿੱਲ ਨਾਲ ਹਫਤਾਵਾਰੀ ਮੀਟਿੰਗ ਹੁੰਦੀ ਸੀ ਤਾਂ 300-400 ਸਿੱਖ ਮਾਰ ਦਿੱਤੇ ਜਾਂਦੇ ਸਨ। ਜੋ ਐੱਸ. ਐੱਸ. ਪੀ. ਵੱਧ ਸਿੱਖਾਂ ਨੂੰ ਮਾਰੇ ਜਾਣ ਦੀ ਰਿਪੋਰਟ ਕਰਦਾ ਸੀ, ਉਸ ਦੀ ਜੈ-ਜੈ ਕਾਰ ਹੁੰਦੀ ਸੀ। ਬੀਬੀ ਸੁਰਿੰਦਰ ਕੌਰ ਤਰਨਤਾਰਨ, ਬੀਬੀ ਕੁਲਬੀਰ ਕੌਰ ਖਾਨਪੁਰ, ਬੀਬੀ ਗੁਰਪ੍ਰੀਤ ਕੌਰ ਸਫੀਪੁਰ, ਬੀਬੀ ਅਮਰਜੀਤ ਕੌਰ ਰੋਪੜ, ਰਣਜੀਤ ਕੌਰ ਘੜੂੰਆ, ਬੀਬੀ ਅਮਨਦੀਪ ਕੌਰ, ਬੀਬੀ ਸਲਵਿੰਦਰ ਕੌਰ, ਬਲਬੀਰ ਕੌਰ, ਜਸਵਿੰਦਰ ਕੌਰ, ਨਰਿੰਦਰ ਕੌਰ ਆਦਿ ਸੈਂਕੜੇ ਬੀਬੀਆਂ 'ਤੇ ਥਾਣੇ 'ਚ ਤਸ਼ਦੱਦ ਢਾਹਿਆ ਗਿਆ, ਇੱਜ਼ਤਾਂ ਰੋਲੀਆਂ ਗਈਆਂ ਅਤੇ ਸੈਂਕੜੇ ਬੀਬੀਆਂ ਲਾਪਤਾ ਕਰ ਦਿੱਤੀਆਂ ਗਈਆਂ।
 ਅਖੀਰ 'ਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਤੇ ਦੇਸ਼ ਅੰਦਰ ਜੰਗਲ ਰਾਜ ਦਾ ਖਾਤਮਾ ਹੋਵੇ ਅਤੇ ਕਾਨੂੰਨ ਦਾ ਰਾਜ ਬਹਾਲ ਹੋਵੇ। ਇਸ ਲਈ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਦੀ ਪੜਤਾਲ ਲਈ ਨਿਰਪੱਖ ਕਮਿਸ਼ਨ ਬਣੇ ਅਤੇ ਸਾਰੀਆਂ ਗੁਪਤ ਫਾਈਲਾਂ ਜਨਤਕ ਹੋਣ, ਪੰਜਾਬ ਅੰਦਰ ਚੱਪੇ-ਚੱਪੇ 'ਤੇ ਹੋਏ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੀ ਨਿਰਪੱਖ ਪੜਤਾਲ ਲਈ ਕਮਿਸ਼ਨ ਬਣੇ ਅਤੇ ਝੂਠੇ ਮੁਕਾਬਲਿਆਂ ਵਿਚ ਮਾਰੇ ਜਾਣ ਵਾਲਿਆਂ ਦੀ ਲਿਸਟ ਜਾਰੀ ਹੋਵੇ, ਦਿੱਲੀ ਅੰਦਰ ਨਵੰਬਰ 1984 ਦੇ ਕਤਲੇਆਮ ਦੇ ਦੋਸ਼ੀਆਂ ਖਿਲਾਫ ਦਰਜ ਸਾਰੀਆਂ ਐੱਫ. ਆਈ. ਆਰ. ਖੋਲ੍ਹੀਆਂ ਜਾਣ ਅਤੇ ਵਿਸ਼ੇਸ਼ ਅਦਾਲਤ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। 


Related News