ਕੇਜਰੀਵਾਲ ਖਹਿਰਾ ਨੂੰ ਪਾਰਟੀ 'ਚੋਂ ਬਾਹਰ ਕੱਢ ਕੇ ਨਸ਼ਿਆਂ ਵਿਰੋਧੀ ਵਚਨਬੱਧਤਾ ਸਿੱਧ ਕਰੇ : ਮਜੀਠੀਆ

11/18/2017 11:04:30 AM

ਮਜੀਠਾ (ਪ੍ਰਿਥੀਪਾਲ)- ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ 'ਚ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਹਾਈ ਕੋਰਟ ਵੱਲੋਂ ਮਿਲੇ ਵੱਡੇ ਝਟਕੇ ਉਪਰੰਤ ਖਹਿਰਾ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਚੁਣੌਤੀ ਦਿੱਤੀ ਹੈ।
ਮਜੀਠਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਖਹਿਰਾ ਤੋਂ ਵਿਧਾਇਕ ਵਜੋਂ ਅਸਤੀਫ਼ਾ ਮੰਗ ਰਹੇ ਹਨ। ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੰਵਿਧਾਨਕ ਅਹੁਦੇ ਵਾਲੇ ਵਿਰੋਧੀ ਧਿਰ ਦੇ ਨੇਤਾ ਨੂੰ ਨਸ਼ਿਆਂ ਦੀ ਸਮੱਗਲਿੰਗ 'ਚ ਬਤੌਰ ਕਿੰਗ ਪਿੰਨ ਫਾਜ਼ਿਲਕਾ ਦੀ ਅਦਾਲਤ ਵੱਲੋਂ ਸੰਮਨ ਜਾਰੀ ਕੀਤਾ ਗਿਆ ਹੋਵੇ, ਜਿਸ ਨੂੰ ਰੋਕਣ ਲਈ ਹਾਈ ਕੋਰਟ ਪਹੁੰਚੇ ਖਹਿਰਾ ਦੀ ਪਟੀਸ਼ਨ ਰੱਦ ਕਰ ਕੇ ਉੱਚ ਅਦਾਲਤ ਨੇ ਫਾਜ਼ਿਲਕਾ ਅਦਾਲਤ ਵਜੋਂ ਜਾਰੀ ਸੰਮਨ 'ਤੇ ਮੋਹਰ ਲਾ ਦਿੱਤੀ ਹੈ। ਅਜਿਹੇ 'ਚ ਖਹਿਰਾ ਅਤੇ ਆਪ ਦਾ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ, ਜੋ ਪੰਜਾਬ 'ਚ ਨਸ਼ਿਆਂ ਦਾ ਧੰਦਾ ਆਪ ਫੈਲਾਉਂਦਾ ਰਿਹਾ ਪਰ ਦੋਸ਼ ਅਕਾਲੀ ਆਗੂਆਂ 'ਤੇ ਮੜ੍ਹਦਾ ਰਿਹਾ।
ਉਨ੍ਹਾਂ ਕਿਹਾ ਕਿ ਸਾਫ਼-ਸੁਥਰੀ ਰਾਜਨੀਤੀ ਕਰਨ ਦੇ ਨਾਂ ਹੇਠ ਹੋਂਦ 'ਚ ਆਈ ਪਾਰਟੀ 'ਆਪ' ਦੇ ਆਗੂ ਦੇ ਅਸਲੀ ਚਿਹਰੇ ਦਾ ਪਰਦਾਫਾਸ਼ ਕਿਸੇ ਹੋਰ ਨੇ ਨਹੀਂ ਸਗੋਂ ਮਾਣਯੋਗ ਅਦਾਲਤ ਨੇ ਕੀਤਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਸ ਕੇਸ ਵਿਚ ਖਹਿਰਾ ਨੂੰ ਤਲਬ ਕੀਤਾ ਜਾ ਰਿਹਾ ਹੈ ਉਹ ਅੰਤਰਰਾਸ਼ਟਰੀ ਨਸ਼ਾ ਸਮੱਗਲਿੰਗ ਦਾ ਹੈ, ਜਿਨ੍ਹਾਂ ਤੋਂ ਹੈਰੋਇਨ, ਹਥਿਆਰ ਅਤੇ ਪਾਕਿਸਤਾਨੀ ਸਿਮ ਫੜੇ ਜਾਣ ਕਾਰਨ ਇਹ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਇਕ ਗੰਭੀਰ ਮੁੱਦਾ ਵੀ ਬਣਦਾ ਹੈ।


Related News