ਲੋੜਵੰਦਾਂ ਲਈ ਸਹਾਈ ਸਿੱਧ ਹੋਵੇਗੀ ਸਾਂਝੀ ਰਸੋਈ : ਪਿੰਕੀ

06/25/2017 5:26:14 PM


ਫ਼ਿਰੋਜ਼ਪੁਰ(ਕੁਲਦੀਪ, ਪਰਮਜੀਤ, ਸ਼ੈਰੀ, ਹਰਚਰਨ, ਬਿੱਟੂ, ਮਨਦੀਪ)—ਲੋਕਾਂ ਨੂੰ ਸਸਤਾ ਤੇ ਸਾਫ਼-ਸੁਥਰਾ ਖਾਣਾ ਦੇਣ ਦੇ ਮੰਤਵ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਏ ਸਿੱਖ ਭਵਨ ਫਿਰੋਜ਼ਪੁਰ ਵਿਖੇ ਸਾਂਝੀ ਰਸੋਈ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ 10 ਰੁਪਏ 'ਚ ਲੋਕਾਂ ਨੂੰ ਸਸਤਾ ਤੇ ਸਾਫ਼-ਸੁਥਰਾ ਖਾਣਾ ਪ੍ਰਦਾਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪਰਮਿੰਦਰ ਸਿੰਘ ਪਿੰਕੀ ਵਿਧਾਇਕ ਹਲਕਾ ਫਿਰੋਜ਼ਪੁਰ ਸ਼ਹਿਰੀ, ਕੁਲਬੀਰ ਸਿੰਘ ਜ਼ੀਰਾ ਵਿਧਾਇਕ ਹਲਕਾ ਜ਼ੀਰਾ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਆਈ. ਏ. ਐੱਸ. ਨੇ ਅੱਜ ਸਾਂਝੀ ਰਸੋਈ ਦਾ ਰਸਮੀ ਉਦਘਾਟਨ ਕਰਦਿਆਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਂਝੀ ਰਸੋਈ 'ਚ ਤਿਆਰ ਕੀਤਾ ਗਿਆ ਖਾਣਾ ਵੀ ਖਾਧਾ। ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.), ਹਰਜੀਤ ਸਿੰਘ ਐੱਸ. ਡੀ. ਐੱਮ. ਫ਼ਿਰੋਜ਼ਪੁਰ ਵੀ ਮੌਜੂਦ ਸਨ। ਇਸ ਮੌਕੇ ਪਰਮਿੰਦਰ ਸਿੰਘ ਪਿੰਕੀ ਵੱਲੋਂ 21 ਹਜ਼ਾਰ ਰੁਪਏ ਅਤੇ ਧਰਮਜੀਤ ਸਿੰਘ ਗਿਆਨ ਹੌਂਡਾ ਵੱਲੋਂ 11 ਹਜ਼ਾਰ ਰੁਪਏ ਸਾਂਝੀ ਰਸੋਈ ਪ੍ਰਾਜੈਕਟ ਵਾਸਤੇ ਦਿੱਤੇ ਗਏ।
ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਹ ਸਾਂਝੀ ਰਸੋਈ ਬਿਨਾਂ ਕਿਸੇ ਮੁਨਾਫ਼ੇ ਦੇ ਸੇਵਾ-ਭਾਵਨਾ ਨਾਲ ਖੋਲ੍ਹੀ ਗਈ ਹੈ, ਜਿਸ 'ਚ ਦੁਪਹਿਰ 11.30 ਵਜੇ ਤੋਂ 10 ਰੁਪਏ 'ਚ ਲੋਕ ਵਧੀਆ ਖਾਣੇ ਦਾ ਸੁਆਦ ਮਾਣ ਸਕਣਗੇ। ਸਾਂਝੀ ਰਸੋਈ ਨੂੰ ਚਲਾਉਣ ਲਈ ਸਮਾਜ-ਸੇਵੀ ਸੰਸਥਾਵਾਂ ਨੂੰ ਵੀ ਨਾਲ ਜੋੜਿਆ ਗਿਆ ਹੈ ਪਰ ਇਸ ਦੀ ਦੇਖ-ਰੇਖ ਜ਼ਿਲਾ ਪ੍ਰਸ਼ਾਸਨ ਵੱਲੋਂ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਂਝੀ ਰਸੋਈ ਦਾ ਮੰਤਵ ਘੱਟ ਰੇਟ 'ਚ ਆਮ ਲੋਕਾਂ ਨੂੰ ਵਧੀਆ ਤੇ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣਾ ਹੈ। 
ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਸਾਂਝੀ ਰਸੋਈ ਦੇ ਸ਼ੁਰੂ ਹੋਣ ਨਾਲ ਥੋੜ੍ਹੀ ਜਿਹੀ ਤਨਖ਼ਾਹ 'ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਲੋੜਵੰਦਾਂ ਨੂੰ ਘੱਟ ਕੀਮਤ ਵਿਚ ਵਧੀਆ ਤੇ ਪੌਸ਼ਟਿਕ ਖਾਣਾ ਖਾਣ ਨੂੰ ਮਿਲੇਗਾ।


Related News