ਕਿਤੇ ਜੁਮਲਾ ਨਾ ਸਾਬਿਤ ਹੋ ਜਾਏ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਐਲਾਨ

Thursday, April 20, 2017 10:02 AM
ਕਿਤੇ ਜੁਮਲਾ ਨਾ ਸਾਬਿਤ ਹੋ ਜਾਏ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਐਲਾਨ

ਚੰਡੀਗੜ੍ਹ (ਸ਼ਰਮਾ)-ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਵਲੋਂ ਚਾਲੂ ਵਿੱਤੀ ਵਰ੍ਹੇ ਲਈ ਬਿਜਲੀ ਦੀਆਂ ਅਸਲੀ ਦਰਾਂ ''ਤੇ ਆਉਂਦੇ ਦੋ ਸਾਲਾਂ ਲਈ ਸੰਕੇਤਕ ਦਰਾਂ ਨਿਰਧਾਰਤ ਕਰਨ ਲਈ ਪਾਵਰਕਾਮ ਦੇ ਪ੍ਰਸਤਾਵ ''ਤੇ ਫੈਸਲਾ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸਾਰੇ ਵਰਗਾਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਪ੍ਰਦਾਨ ਕਰਨ ਦੇ ਐਲਾਨ ਨੇ ਕਮਿਸ਼ਨ ਨੂੰ ਵੀ ਦਬਾਅ ''ਚ ਪਾ ਦਿੱਤਾ ਹੈ।

ਹਾਲਾਂਕਿ ਕਮਿਸ਼ਨ ਦਰਾਂ ਤੈਅ ਕਰਨ ਲਈ ਇਲੈਕਟ੍ਰੀਸਿਟੀ ਐਕਟ ਦੀ ਵਿਵਸਥਾ ਤਹਿਤ ਬਿਜਲੀ ਦੀਆਂ ਦਰਾਂ ਤੈਅ ਕਰਨ ਲਈ ਮਜਬੂਰ ਹੈ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਐਕਟ ''ਚ 20 ਫੀਸਦੀ ਦਾ ਕ੍ਰਾਸ ਸਬਸਿਡੀ ਨਿਸ਼ਚਿਤ ਕਰਨ ਦੇ ਕਮਿਸ਼ਨ ਦੇ ਅਧਿਕਾਰ ਦੀ ਵਰਤੋਂ ਮੁੱਖ ਮੰਤਰੀ ਦੇ ਐਲਾਨ ਨੂੰ ਮੂਰਤ ਰੂਪ ਦੇਣ ਲਈ ਕੀਤੀ ਜਾਏਗੀ ਪਰ ਕਮਿਸ਼ਨ ਨਾਲ ਜੁੜੇ ਸੂਤਰਾਂ ਮੁਤਾਬਿਕ ਮੁੱਖ ਮੰਤਰੀ ਦਾ ਐਲਾਨ ਲੋਕਾਂ ਲਈ ਜੁਮਲਾ ਨਾ ਬਣ ਜਾਵੇ, ਇਸ ਲਈ ਕਮਿਸ਼ਨ ਵਲੋਂ ਦਰਾਂ ਨਿਰਧਾਰਿਤ ਕਰਦੇ ਸਮੇਂ ਟੂ ਪਾਰਟ ਟੈਰਿਫ ਦਾ ਸਹਾਰਾ ਲੈ ਕੇ ਖਪਤਕਾਰਾਂ ਤੋਂ ਬਿਜਲੀ ਖਪਤ ਦੀਆਂ ਨਿਸ਼ਚਿਤ ਦਰਾਂ ''ਤੇ ਵਸੂਲੀ ਤੋਂ ਇਲਾਵਾ ਮਨਜ਼ੂਰ ਲੋਡ ਮੁਤਾਬਿਕ ਨਿਸ਼ਚਿਤ ਟੈਕਸ ਵਸੂਲ ਕੀਤਾ ਜਾਏਗਾ। ਇਸ ਤਰ੍ਹਾਂ ਦਰਾਂ ਤਾਂ ਹਰ ਵਰਗ ਲਈ 5 ਰੁਪਏ ਪ੍ਰਤੀ ਯੂਨਿਟ ਦੇ ਆਸਪਾਸ ਤੈਅ ਕੀਤੀਆਂ ਜਾਣਗੀਆਂ ਪਰ ਪਾਵਰਕਾਮ ਦੇ ਮਾਲੀਏ ਦੇ ਅੰਤਰ ਨੂੰ ਪੂਰਾ ਕਰਨ ਤੇ ਸਰਕਾਰ ''ਤੇ ਸਬਸਿਡੀ ਦਾ ਜ਼ਿਆਦਾ ਦਬਾਅ ਨਾ ਪਵੇ, ਇਸਦੇ ਲਈ ਹਰ ਵਰਗ ਲਈ ਮਨਜ਼ੂਰ ਬਿਜਲੀ ਲੋਡ ਮੁਤਾਬਿਕ ਤੈਅ ਟੈਕਸ ਵੱਖ-ਵੱਖ ਨਿਰਧਾਰਿਤ ਕੀਤਾ ਜਾਏਗਾ।

ਇਹ ਹੈ ਪਾਵਰਕਾਮ ਦਾ ਪ੍ਰਸਤਾਵ

ਪਾਵਰਕਾਮ ਵਲੋਂ ਕਮਿਸ਼ਨ ਨੂੰ ਦਰਾਂ ਨਿਰਧਾਰਤ ਕਰਨ ਲਈ ਦਿੱਤੇ ਗਏ ਪ੍ਰਸਤਾਵ ''ਚ ਪਾਵਰਕਾਮ ਦੇ ਮਾਲੀਆ ਅੰਤਰ ਨੂੰ ਖਤਮ ਕਰਨ ਲਈ ਬਿਜਲੀ ਦੀਆਂ ਦਰਾਂ ਲਗਭਗ 54 ਫੀਸਦੀ ਤਕ ਵਧਾਏ ਜਾਣ ਦੀ ਲੋੜ ਦਰਸਾਈ ਗਈ ਹੈ। ਹਾਲਾਂਕਿ ਕਮਿਸ਼ਨ ਨੇ ਇਸ ਪ੍ਰਸਤਾਵ ''ਤੇ ਨਿਰਧਾਰਿਤ ਮਾਪਦੰਡਾਂ ਮੁਤਾਬਿਕ ਤੇ ਪਾਵਰਕਾਮ ਦੀ ਮਾਲੀਆ ਜ਼ਰੂਰਤ ਦਾ ਮੁਲਾਂਕਣ ਕਰ ਕੇ ਦਰਾਂ ਨਿਸ਼ਚਿਤ ਕਰਨੀਆਂ ਹਨ ਪਰ ਮੁੱਖ ਮੰਤਰੀ ਦੇ ਐਲਾਨ ਮੁਤਾਬਿਕ ਹੁਣ ਖੇਡ ਸਿਰਫ ਨਿਸ਼ਚਿਤ ਟੈਕਸ ਦੇ ਨਿਰਧਾਰਣ ''ਤੇ ਖੇਡੀ ਜਾਏਗੀ। ਪਾਵਰਕਾਮ ਨੇ ਸਿੰਗਲ ਪਾਰਟ ਟੈਰਿਫ ਤੇ ਟੂ ਪਾਰਟ ਟੈਰਿਫ ''ਚ ਮਾਲੀਆ ਨਿਰਪੱਖਤਾ ਬਣਾਈ ਰੱਖਣ ਲਈ 2 ਕਿਲੋਵਾਟ ਮਨਜ਼ੂਰ ਬਿਜਲੀ ਲੋਡ ਦੇ ਘਰੇਲੂ ਖਪਤਕਾਰਾਂ ਲਈ 25 ਰੁਪਏ ਪ੍ਰਤੀ ਕਿਲੋਵਾਟ, 2-10 ਕਿ.ਵਾ. ਲੋਡ ''ਤੇ 30 ਰੁਪਏ, 10-50 ਕਿ.ਵਾ. ਮਨਜ਼ੂਰ ਲੋਡ ''ਤੇ 35 ਰੁਪਏ ਅਤੇ 50 ਤੋਂ ਜ਼ਿਆਦਾ ਕਿ. ਵਾ. ਲੋਡ ''ਤੇ 40 ਰੁਪਏ ਪ੍ਰਤੀ ਕੇ. ਵੀ. ਏ. ਨਿਸ਼ਚਿਤ ਟੈਕਸ ਦੀ ਸਿਫਾਰਸ਼ ਕੀਤੀ ਹੈ। ਇਸੇ ਤਰ੍ਹਾਂ ਹੋਰ ਵਰਗਾਂ ਦੇ ਖਪਤਕਾਰਾਂ ਲਈ ਬਿਜਲੀ ਦੇ ਮਨਜ਼ੂਰ ਲੋਡ ਮੁਤਾਬਿਕ ਨਿਸ਼ਚਿਤ ਟੈਕਸ ਦੀਆਂ ਵੱਖ-ਵੱਖ ਦਰਾਂ ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਹੁਣ ਇਸ ਨਿਸ਼ਚਿਤ ਟੈਕਸ ਦੇ ਨਿਰਧਾਰਣ ਦੇ ਨਾਲ ਹੀ ਵੱਖ-ਵੱਖ ਸ਼੍ਰੇਣੀਆਂ ਲਈ ਬਿਜਲੀ ਦਰਾਂ 5 ਰੁਪਏ ਪ੍ਰਤੀ ਯੂਨਿਟ ਨਿਸ਼ਚਿਤ ਕਰਨ ਦੀ ਖੇਡ ਖੇਡੀ ਜਾਏਗੀ ਤਾਂ ਜੋ ਮੁੱਖ ਮੰਤਰੀ ਦਾ ਐਲਾਨ ਵੀ ਜੁਮਲਾ ਨਾ ਪ੍ਰਤੀਤ ਹੋਵੇ ਅਤੇ ਪਾਵਰਕਾਮ ਦੇ ਮਾਲੀਏ ''ਚ ਕਮੀ ਦੀ ਭਰਪਾਈ ਯਕੀਨੀ ਕਰਨ ਦੇ ਨਾਲ-ਨਾਲ ਸਰਕਾਰ ''ਤੇ ਵੀ ਸਬਸਿਡੀ ਦਾ ਜ਼ਿਆਦਾ ਬੋਝ ਨਾ ਪੈ ਸਕੇ।

ਬਿਜਲੀ ਦੀ ਜ਼ਿਆਦਾ ਖਪਤ ''ਤੇ ਘੱਟ ਹੋ ਜਾਏਗੀ ਬਿਜਲੀ ਦੀ ਔਸਤ ਦਰ : ਟੂ-ਪਾਰਟ ਟੈਰਿਫ ਤਹਿਤ ਘੱਟ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਦੇ ਮੁਕਾਬਲੇ ਜ਼ਿਆਦਾ ਬਿਜਲੀ ਖਪਤ ਕਰਨ ਵਾਲੇ ਖਪਤਕਾਰਾਂ ਲਈ ਬਿਜਲੀ ਦੀ ਔਸਤ ਦਰ ਘੱਟ ਹੋਵੇਗੀ, ਕਿਉਂਕਿ ਜ਼ਿਆਦਾ ਬਿਜਲੀ ਖਪਤ ''ਤੇ ਵੀ ਨਿਸ਼ਚਿਤ ਟੈਕਸ ''ਚ ਕੋਈ ਤਬਦੀਲੀ ਨਹੀਂ ਹੋਵੇਗੀ। ਮਿਸਾਲ ਵਜੋਂ ਮਨਜ਼ੂਰ ਬਿਜਲੀ ਲੋਡ ਮੁਤਾਬਿਕ 100 ਰੁਪਏ ਨਿਸ਼ਚਿਤ ਟੈਕਸ ਵਾਲੀ ਸ਼੍ਰੇਣੀ ਦਾ ਖਪਤਕਾਰ ਜੇਕਰ 4 ਰੁਪਏ ਦੀ ਦਰ ''ਤੇ 100 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ ਤਾਂ ਉਸਦਾ ਕੁਲ ਬਿੱਲ ਹੋਵੇਗਾ 500 ਰੁਪਏ, ਭਾਵ ਔਸਤਨ 5 ਰੁਪਏ ਪ੍ਰਤੀ ਯੂਨਿਟ ਹੋਵੇਗਾ। ਜੇਕਰ ਇਹੋ ਖਪਤਕਾਰ 300 ਯੂਨਿਟ ਬਿਜਲੀ ਖਪਤ ਕਰਦਾ ਹੈ ਤਾਂ ਉਸਦਾ ਬਿੱਲ ਆਏਗਾ 1300 ਰੁਪਏ ਭਾਵ ਔਸਤਨ 4.33 ਰੁਪਏ ਪ੍ਰਤੀ ਯੂਨਿਟ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!