ਫਿਲੌਰ ਦੇ ''ਯੁਵਰਾਜ'' ਦੇ WWE ਰਿੰਗ ਦਾ ''ਮਹਾਰਾਜ'' ਬਣਨ ਦੀ ਕਹਾਣੀ, ਜਾਣੋ ਕਿਵੇਂ ਬਣਿਆ ''ਪੱਗੜੀ ਵਾਲਾ ਫਾਈਟਰ'' (ਤਸਵੀਰਾਂ)

06/25/2017 3:30:57 PM

ਐਲਬਰਟਾ— ਇਹ ਕਹਾਣੀ ਹੈ ਪੰਜਾਬ ਨਾਲ ਸੰਬੰਧਤ ਨੌਜਵਾਨ ਦੇ ਡਬਲਿਊ. ਡਬਲਿਊ. ਈ. ਦੇ ਰਿੰਗ ਦਾ ਪਹਿਲਾਂ ਪੱਗੜੀ ਵਾਲਾ ਫਾਈਟਰ ਬਣਨ ਦੀ। ਜਿੰਦਰ ਮਾਹਲ ਹਾਲ ਹੀ ਵਿਚ ਡਬਲਿਊ. ਡਬਲਿਊ. ਈ. ਚੈਂਪੀਅਨ ਬਣੇ ਹਨ। ਉਨ੍ਹਾਂ ਨੇ ਰੈਸਲਰ ਰੈਂਡੀ ਆਰਟਨ ਨੂੰ ਹਰਾ ਕੇ ਇਸ ਤਾਜ 'ਤੇ ਕਬਜ਼ਾ ਕੀਤਾ। ਜਿੰਦਰ ਦੇ ਮਾਤਾ-ਪਿਤਾ ਦਾ ਸੰਬੰਧ ਪੰਜਾਬ ਵਿਚ ਫਿਲੌਰ ਦੇ ਕੰਗ ਅਰਾਈਯਾਂ ਪਿੰਡ ਨਾਲ ਹੈ। ਉਹ ਜਿੰਦਰ ਦੇ ਜਨਮ ਤੋਂ ਪਹਿਲਾਂ ਹੀ ਕੈਨੇਡਾ ਚਲੇ ਗਏ ਸਨ। ਜਿੰਦਰ ਦਾ ਪੂਰਾ ਨਾਂ ਯੁਵਰਾਜ ਸਿੰਘ ਢੇਸੀ ਹੈ। ਉਸ ਦਾ ਜਨਮ 19 ਜੁਲਾਈ, 1986 ਨੂੰ ਕੈਨੇਡਾ ਦੇ ਐਲਬਰਟਾ ਵਿਚ ਹੋਇਆ ਸੀ।
ਜਿੰਦਰ ਨੇ ਯੂਨੀਵਰਸਿਟੀ ਆਫ ਕੈਲਗਰੀ ਤੋਂ ਕਮਿਊਨੀਕੇਸ਼ਨ ਐਂਡ ਕਲਚਰ ਵਿਚ ਡਿਗਰੀ ਹਾਸਲ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਇਕ ਰੈਸਲਰ ਨਾ ਹੁੰਦੇ ਤਾਂ ਸ਼ਾਇਦ ਉਹ ਇਕ ਬ੍ਰੋਕਰ ਹੁੰਦੇ। ਜਿੰਦਰ ਨੂੰ ਰੈਸਲਿੰਗ ਦੀ ਜਾਗ ਆਪਣੇ ਮਾਮਾ ਤੋਂ ਲੱਗੀ। ਉਨ੍ਹਾਂ ਦੇ ਮਾਮਾ ਪਹਿਲਵਾਨ ਗਦੋਵਰ ਸਿੰਘ ਸਹੋਤਾ ਉਰਫ ਗਾਮਾ ਸਿੰਘ ਵੀ ਡਬਲਿਊ. ਡਬਲਿਊ. ਈ. ਰੈਸਲਰ ਸਨ। 80 ਦੇ ਦਹਾਕੇ ਵਿਚ ਉਸ ਨੂੰ ਇਕ ਖਤਰਨਾਕ ਰੈਸਲਰ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਜਿੰਦਰ 2010 ਵਿਚ ਫਲੋਰੀਡਾ ਚੈਂਪੀਅਨਸ਼ਿਪ ਤੋਂ ਰੈਸਲਿੰਗ ਦੇ 'ਹੀਰੋ' ਬਣੇ। ਪੰਜਾਬੀ ਵਿਚ ਗੱਲ ਕਰਨਾ ਉਨ੍ਹਾਂ ਦੀ ਖਾਸੀਅਤ ਹੈ, ਜੋ ਉਨ੍ਹਾਂ ਨੂੰ ਬਾਕੀਆਂ ਤੋਂ ਵੱਖਰਾ ਬਣਾਉਂਦੀ ਹੈ। ਉਹ ਡਬਲਿਊ. ਡਬਲਿਊ. ਈ. ਦੇ ਪਹਿਲੇ ਅਜਿਹੇ ਫਾਈਟਰ ਹਨ, ਜੋ ਪੱਗੜੀ ਬੰਨ੍ਹਦੇ ਹਨ। 2014 ਵਿਚ ਉਨ੍ਹਾਂ ਦਾ ਡਬਲਿਊ. ਡਬਲਿਊ. ਈ. ਨਾਲ ਕਾਂਟਰੈਕਟ ਖਤਮ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਰਿਟੇਨ ਨਹੀਂ ਕੀਤਾ ਗਿਆ। ਬਾਅਦ ਵਿਚ ਉਹ ਆਰ. ਓ. ਡਬਲਿਊ. ਸਮਰ ਆਫ ਚੈਂਪੀਅਨਜ਼ ਵਿਚ ਰਾਜ ਸਿੰਘ ਦੇ ਨਾਂ ਨਾਲ ਉਤਰੇ ਅਤੇ ਟੈਗ ਟੀਮ ਚੈਂਪੀਅਨਸ਼ਿਪ ਜਿੱਤੀ। ਇਸੇ ਸਾਲ ਯੁਵਰਾਜ ਨੂੰ ਇਕ ਵਾਰ ਫਿਰ ਡਬਲਿਊ. ਡਬਲਿਊ. ਈ. ਨੇ ਜਿੰਦਰ ਮਾਹਲ ਦੇ ਤੌਰ 'ਤੇ ਸਾਈਨ ਕੀਤਾ। ਉਨ੍ਹਾਂ ਨੇ ਕੇਸਾਗੋ ਅਤੇ ਬਿਗ ਸ਼ੋਅ ਵਰਗੇ ਕਈ ਵੱਡੇ ਰੈਸਲਰਾਂ ਨਾਲ ਫਾਈਟ ਕੀਤੀ। 21 ਮਈ ਨੂੰ ਜਿੰਦਰ ਨੇ ਦਿੱਗਜ ਰੈਸਲਰ ਰੈਂਡੀ ਆਰਟਨ ਨੂੰ ਹਰਾ ਕੇ ਡਬਲਿਊ. ਡਬਲਿਊ. ਈ. ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਜਿੰਦਰ ਇਸ ਚੈਂਪੀਅਨਸ਼ਿਪ ਨੂੰ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਸਨ। ਇਸ ਤੋਂ ਪਹਿਲਾਂ 'ਦਿ ਗ੍ਰੇਟ ਖਲੀ' ਇਸ ਬੈਲਟ ਨੂੰ ਜਿੱਤ ਚੁੱਕੇ ਹਨ। ਜਿੰਦਰ 'ਤੇ ਕਈ ਵਾਰ ਸਟੀਰਾਇਡ ਲੈਣ ਦੇ ਇਲਜ਼ਾਮ ਵੀ ਲੱਗੇ ਸਨ ਪਰ ਬਾਅਦ ਵਿਚ ਉਸ ਨੂੰ ਬੇਕਸੂਰ ਮੰਨਿਆ ਜਾਣ ਲੱਗਾ। ਜਿੰਦਰ 700 'ਚੋਂ ਤਕਰੀਬਨ 590 ਮੁਕਾਬਲੇ ਜਿੱਤ ਚੁੱਕੇ ਹਨ। ਜਿੰਦਰ ਕੈਨੇਡਾ ਦੇ ਹੈਵੀਵੇਟ ਚੈਂਪੀਅਨ ਵੀ ਹਨ ਅਤੇ ਉਹ ਖਲੀ ਦੇ ਨਾਲ ਵੀ ਫਾਈਟ ਕਰ ਚੁੱਕੇ ਹਨ।


Kulvinder Mahi

News Editor

Related News