ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗਏ ਜਥੇ ਦੀ ਕੋਈ ਉੱਘ-ਸੁੱਘ ਨਹੀਂ

07/23/2017 12:56:02 PM


ਕਾਦੀਆਂ(ਨਈਅਰ)-ਕੁਝ ਦਿਨ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਗਏ ਇਨੋਵਾ ਗੱਡੀ ਸਵਾਰ 8 ਸ਼ਰਧਾਲੂਆਂ ਦੇ ਜਥੇ ਦੀ ਕੋਈ ਉੱਘ-ਸੁੱਘ ਨਾ ਲੱਗਣ ਕਾਰਨ ਜਿਥੇ ਇਨ੍ਹਾਂ ਦੇ ਪਰਿਵਾਰ ਸਦਮੇ 'ਚ ਹਨ, ਉਥੇ ਸਮੂਹ ਸਿੱਖ ਭਾਈਚਾਰੇ 'ਚ ਵੀ ਸ਼ੋਕ ਦੀ ਲਹਿਰ ਛਾਈ ਹੈ । ਇਸ ਮੌਕੇ ਅੱਜ ਬਲਾਕ ਕਾਂਗਰਸ ਕਾਦੀਆਂ ਦੇ ਪ੍ਰਧਾਨ ਮਿੰਦਰਪਾਲ ਨੇ ਲਾਪਤਾ ਚਾਚਾ ਹਰਪਾਲ ਸਿੰਘ (50) ਅਤੇ ਭਤੀਜਾ ਵਰਿੰਦਰ ਸਿੰਘ (28) ਦੇ ਗ੍ਰਹਿ ਕਾਦੀਆਂ ਨਜ਼ਦੀਕ ਪਿੰਡ ਡੱਲਾ ਵਿਖੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ । ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਮਿੰਦਰਪਾਲ ਨੇ ਦੱਸਿਆ ਕਿ ਉਕਤ ਲਾਪਤਾ ਚਾਚੇ-ਭਤੀਜੇ ਨੂੰ ਲੱਭਣ ਲਈ ਉੱਤਰਾਂਚਲ ਸਰਕਾਰ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਜੋ ਬਹੁਤ ਜਲਦ ਇਨ੍ਹਾਂ ਦੇ ਰਾਜ਼ੀ ਹੋਣ ਦੀ ਸੂਚਨਾ ਦੇਣਗੇ । ਲਾਪਤਾ ਵਰਿੰਦਰ ਸਿੰਘ ਦੇ ਪਿਤਾ ਅਤੇ ਲਾਪਤਾ ਹਰਪਾਲ ਸਿੰਘ ਦੇ ਵੱਡੇ ਭਰਾ ਹਰਜੀਤ ਸਿੰਘ ਸੈਕਟਰੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ 8 ਮੈਂਬਰ 1 ਜੁਲਾਈ ਨੂੰ ਮਹਿਤਾ ਚੌਕ ਤੋਂ ਯਾਤਰਾ ਲਈ ਨਿਕਲੇ ਸਨ ਅਤੇ ਇਨ੍ਹਾਂ ਦਾ 6 ਜੁਲਾਈ ਸਵੇਰੇ 11.30 ਵਜੇ ਫੋਨ ਆਇਆ ਕਿ ਅਸੀਂ ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਤੀਰਥ ਅਸਥਾਨਾਂ ਦੇ ਦਰਸ਼ਨ ਕਰ ਲਏ ਹਨ ਅਤੇ ਵਾਪਸ ਆ ਰਹੇ ਹਾਂ, ਉਸ ਤੋਂ ਬਾਅਦ ਅਜੇ ਤੱਕ ਇਨ੍ਹਾਂ ਦੀ ਕੋਈ ਵੀ ਜਾਣਕਾਰੀ ਸਾਨੂੰ ਨਹੀਂ ਮਿਲੀ ।ਇਸ ਸਬੰਧੀ ਜਦੋਂ ਉੱਤਰਾਂਚਲ ਜ਼ਿਲਾ ਚਮੋਲੀ ਦੇ ਐੱਸ. ਐੱਸ. ਪੀ. ਅਜੇ ਰਾਵਤ ਨਾਲ ਮੋਬਾਇਲ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਯਾਤਰੀਆਂ ਦੀ ਭਾਲ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ। ਡਰਾਈਵਰ ਮਹਿੰਗਾ ਸਿੰਘ ਦਾ ਨਦੀ ਕਿਨਾਰੇ ਆਧਾਰ ਕਾਰਡ ਮਿਲਣ ਕਾਰਨ ਉੱਤਰਾਂਚਲ ਪ੍ਰਸ਼ਾਸਨ ਨਜ਼ਦੀਕੀ ਏਰੀਏ 'ਚ ਲਾਪਤਾ ਯਾਤਰੀਆਂ ਦੀ ਭਾਲ ਕਰ ਰਹੀ ਹੈ। ਇਸ ਮੌਕੇ ਹਰਪਾਲ ਸਿੰਘ ਦੀ ਧਰਮ ਪਤਨੀ ਕੁਲਵਿੰਦਰ ਕੌਰ, ਵਰਿੰਦਰ ਸਿੰਘ ਦੀ ਮਾਤਾ ਸਵਿੰਦਰ ਕੌਰ ਆਦਿ ਹਾਜ਼ਰ ਸਨ ।


Related News