ਜਲੰਧਰ ਪੁਲਸ ਨੇ ਚੋਰ ਤੇ ਲੁੱਟ ਗੈਂਗ ਦੇ ਇਕ ਮੈਂਬਰ ਨੂੰ ਕੀਤਾ ਗ੍ਰਿਫਤਾਰ

06/27/2017 3:55:26 PM

ਜਲੰਧਰ (ਕਰਨ ਪਾਠਕ)— ਜਲੰਧਰ ਦਾ ਇਕ ਚੋਰ ਅਤੇ ਲੁੱਟ ਗੈਂਗ ਜਿਹੜਾ ਲੋਕਾਂ ਦੇ ਘਰਾਂ 'ਚੋਂ ਚੋਰੀ ਜਾਂ ਲੁੱਟੇ ਹੋਏ ਸਮਾਨ ਨੂੰ ਚੋਰੀ ਕੀਤੀ ਹੋਈ ਗੱਡੀ 'ਚ ਹੀ ਨੁਮਾਇਸ਼ ਲਗਾ ਕੇ ਵੇਚ ਦਿੰਦਾ ਸੀ। ਮੰਗਲਵਾਰ ਨੂੰ ਜਲੰਧਰ ਦੀ ਸੀ. ਆਈ. ਏ ਸਟਾਫ ਦੀ ਪੁਲਸ ਨੇ ਇਕ ਇੰਡੀਕਾ ਕਾਰ ਸਮੇਤ ਇਸ ਗੈਂਗ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਅਤੇ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਕਾਰ ਦੀ ਪਿਛਲੀ ਸੀਟ 'ਤੇ ਪਏ ਸਮਾਨ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਪੁੱਛਗਿੱਛ ਦੌਰਾਨ ਇਸ ਤੋਂ ਇਕ ਛੋਟਾ ਹਾਥੀ, 2 ਮੋਟਰਸਾਈਕਲ, ਇਨਵਰਟਰ, ਵੱਡੀਆਂ ਬੈਟਰੀਆਂ ਅਤੇ 2 ਬਾਈਕ ਵੀ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਦੀ ਆਦਤ ਸੀ ਕਿ ਇਹ ਸਿਰਫ ਵੱਡੀ ਕੰਪਨੀਆਂ 'ਚ ਬਣਿਆ ਸਮਾਨ ਹੀ ਚੋਰੀ ਕਰਦੇ ਸਨ। ਜਲੰਧਰ ਪੁਲਸ ਦੇ ਏ. ਸੀ. ਪੀ. ਕ੍ਰਾਈਮ ਗੁਰਮੇਲ ਸਿੰਘ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ 'ਚ ਸਾਰਾ ਖੁਲਾਸਾ ਕੀਤਾ। 
ਏ. ਸੀ. ਪੀ. ਨੇ ਦੱਸਿਆ ਕਿ ਫੜੇ ਗਏ ਸਤਨਾਮ ਸਿੰਘ ਉਰਫ ਸੰਨੀ ਜ਼ਿਲਾ ਕਪੂਰਥਲਾ ਦਾ ਨਿਵਾਸੀ ਹੈ ਅਤੇ ਫਰਾਰ ਹੋਇਆ ਮੁਹੰਮਦ ਅਲੀ ਸਮਰਾਲਾ ਚੌਕ ਲੁਧਿਆਣਾ ਦਾ ਨਿਵਾਸੀ ਹੈ, ਜਿਸ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਇਨ੍ਹਾਂ ਵਿਰੁੱਧ ਜਲੰਧਰ, ਕਪੂਰਥਲਾ, ਲੁਧਿਆਣਾ 'ਚ ਪਹਿਲਾਂ ਹੀ ਚੋਰੀ ਅਤੇ ਲੁੱਟ ਦੇ 7 ਮਾਮਲੇ ਦਰਜ ਹਨ।


Related News