ਜਲੰਧਰ ''ਚ ਮਸੀਹ ਭਾਈਚਾਰੇ ਨੇ ਟਾਇਰ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ, ਰੋਡਵੇਜ਼ ਦੀ ਬੱਸ ਭੰਨੀ, ਮਾਮਲਾ ਦਰਜ

06/26/2017 1:02:14 AM

ਤਰਨਤਾਰਨ/ ਜਲੰਧਰ (ਰਾਜੂ, ਮਹੇਸ਼)— ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਐੱਸ. ਐੱਸ. ਪੀ. ਤਰਨਤਾਰਨ ਦੇ ਹੁਕਮਾਂ 'ਤੇ ਵੀਡੀਓ ਵਾਇਰਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਖਿਲਾਫ ਈਸਾਈ ਧਰਮ ਦੇ ਗੁਰੂ ਪ੍ਰਭੂ ਯਿਸੂ ਮਸੀਹ ਖਿਲਾਫ ਭੱਦੀ ਸ਼ਬਦਾਵਲੀ ਵਰਤਣ 'ਤੇ ਜੁਰਮ 295-ਏ ਮੁਕੱਦਮਾ ਨੰ. 133 ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਆਲ ਇੰਡੀਆ ਯੂਨਾਈਟਿਡ ਕ੍ਰਿਸ਼ਚੀਅਨ ਫਰੰਟ ਦੇ ਆਲ ਇੰਡੀਆ ਪ੍ਰਧਾਨ ਸਟੀਫਨ ਭੱਟੀ ਨੇ ਐੱਸ. ਐੱਸ. ਪੀ. ਹਰਜੀਤ ਸਿੰਘ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਕਿ ਸਿੱਖ ਜਥੇਬੰਦੀਆਂ ਦੇ ਆਗੂ ਇਕ ਮੀਟਿੰਗ ਦੌਰਾਨ ਈਸਾਈਆਂ ਦੇ ਧਾਰਮਿਕ ਆਗੂ ਗੁਰੂ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਮਾੜੀ ਅਤੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਹਨ। ਵੀਡੀਓ ਦੌਰਾਨ 10 ਦੇ ਕਰੀਬ ਸਿੱਖ ਜਥੇਬੰਦੀਆਂ ਦੇ ਆਗੂਆਂ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਐੱਸ. ਐੱਸ. ਪੀ. ਵਲੋਂ ਵੀਡੀਓ ਦੇਖਣ ਤੋਂ ਬਾਅਦ ਸਿਟੀ ਪੁਲਸ ਨੂੰ ਤੁਰੰਤ ਮੰਗ ਪੱਤਰ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਿਟੀ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਅਤੇ ਸਿੱਖ ਆਗੂਆਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
PunjabKesari
ਉਥੇ ਹੀ ਮਸੀਹੀ ਭਾਈਚਾਰੇ ਵਲੋਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਜਲੰਧਰ-ਨਕੋਦਰ ਮੁੱਖ ਮਾਰਗ 'ਤੇ ਸਥਿਤ ਖਾਂਬਰਾ ਅੱਡੇ ਨੇੜੇ ਟਾਇਰ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਇੱਥੋਂ ਨਿਕਲ ਰਹੀ ਪੰਜਾਬ ਰੋਡਵੇਜ਼ ਦੀ ਬੱਸ  ਨੂੰ ਵੀ ਮਸੀਹੀ ਭਾਈਚਾਰੇ ਨੇ ਪੂਰੀ ਤਰ੍ਹਾਂ ਤੋੜ ਦਿੱਤਾ। ਸਥਿਤੀ ਨੂੰ ਕੰਟਰੋਲ ਕਰ ਲਈ ਮੌਕੇ 'ਤੇ ਡੀ. ਸੀ. ਪੀ. ਰਾਜਿੰਦਰ ਸਿੰਘ, ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਡੀ. ਸੀ. ਪੀ. (ਡੀ.) ਸੂਡਰ ਵਿਜੀ ਅਤੇ ਵੱਡੀ ਗਿਣਤੀ 'ਚ ਵੱਖ-ਵੱਖ ਥਾਣਿਆਂ ਦੀ ਪੁਲਸ ਫੋਰਸ ਪਹੁੰਚੀ ਹੋਈ ਸੀ। ਇਸ ਦੌਰਾਨ ਕਾਫੀ ਦੇਰ ਤਕ ਜਾਮ ਲੱਗਾ ਰਿਹਾ। ਪ੍ਰਦਰਸ਼ਨਕਾਰੀਆਂ ਵੱਲੋਂ ਤਰਨਤਾਰਨ ਘਟਨਾ ਦੇ ਨਾਲ-ਨਾਲ ਖਾਂਬਰਾ ਪਿੰਡ ਵਿਚ ਚਰਚ ਨੂੰ ਜਾਂਦੇ ਰਾਹ 'ਤੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਦਾ ਵੀ ਵਿਰੋਧ ਕੀਤਾ ਜਾ ਰਿਹਾ ਸੀ। ਸ਼ਾਮ 6 ਵਜੇ ਤੋਂ ਲੈ ਕੇ ਰਾਤ 8 ਵਜੇ ਤਕ ਨਕੋਦਰ ਰੋਡ 'ਤੇ ਚੱਕਾ ਜਾਮ ਕੀਤਾ ਗਿਆ। ਪੁਲਸ ਅਧਿਕਾਰੀਆਂ ਵੱਲੋਂ ਤਰਨਤਾਰਨ ਘਟਨਾ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਏ ਜਾਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀ ਉੱਥੋਂ ਉੱਠ ਗਏ। ਐਤਵਾਰ ਨੂੰ ਰਾਮਾ ਮੰਡੀ ਚੌਕ ਅਤੇ ਜਲੰਧਰ-ਨਕੋਦਰ ਮੁੱਖ ਮਾਰਗ 'ਤੇ ਜਾਮ ਲਾਉਣ ਦੇ ਮਾਮਲੇ 'ਚ ਥਾਣਾ ਕੈਂਟ ਤੇ ਥਾਣਾ ਸਦਰ ਵਿਖੇ ਕੇਸ ਦਰਜ ਕਰ ਲਏ ਗਏ ਹਨ। 
ਮੱਖੂ 'ਚ ਪੁਤਲਾ ਫ਼ੂਕ ਕੇ ਕੀਤਾ ਰੋਸ ਮੁਜ਼ਾਹਰਾ
ਮੱਖੂ (ਵਾਹੀ)— ਇਕ ਸਿੱਖ ਆਗੂ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਬੋਲੇ ਗਏ ਮਾੜੇ ਸ਼ਬਦਾਂ ਦੀ ਵਾਇਰਲ ਹੋਈ ਵੀਡੀਓ ਤੋਂ ਭੜਕੇ ਮੱਖੂ ਦੇ ਵੱਡੀ ਗਿਣਤੀ ਵਿਚ ਮਸੀਹ ਭਾਈਚਾਰੇ ਨੇ ਅੱਜ ਰੇਲਵੇ ਰੋਡ ਤੋਂ ਲੈ ਕੇ ਡਾ. ਰਣਜੀਤ ਸਿੰਘ ਚੌਕ, ਮੇਨ ਬਾਜ਼ਾਰ ਤੱਕ ਰੋਸ ਮਾਰਚ ਕਰਕੇ ਉਕਤ ਆਗੂ ਵਿਰੁੱਧ ਪੁਤਲਾ ਫ਼ੂਕ ਕੇ ਰੋਸ ਪ੍ਰਗਟ ਕੀਤਾ ਅਤੇ ਫ਼ੈਸਲਾ ਲਿਆ ਕਿ ਸ਼ਾਮ 4 ਵਜੇ ਇਕ ਹੰਗਾਮੀ ਮੀਟਿੰਗ ਕਰਕੇ ਮਸੀਹ ਭਾਈਚਾਰਾ ਅਗਲੀ ਕਾਰਵਾਈ ਕਰੇਗਾ।   ਵਾਇਰਲ ਹੋਈ ਇਸ ਵੀਡੀਓ ਉਪਰੰਤ ਮਸੀਹ ਆਗੂਆਂ ਵੱਲੋਂ ਦਿੱਤੀ ਗਈ ਦਰਖ਼ਾਸਤ 'ਤੇ ਜ਼ਿਲਾ ਫ਼ਿਰੋਜ਼ਪੁਰ ਦੀ ਪੁਲਸ ਵੱਲੋਂ ਉਕਤ ਆਗੂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਅਤੇ ਪਤਾ ਲੱਗਾ ਹੈ ਕਿ ਉਕਤ ਸਿੱਖ ਆਗੂ ਦਾ ਨਾਂ ਪਰਮਜੀਤ ਸਿੰਘ ਅਕਾਲੀ ਦੱਸਿਆ ਜਾ ਰਿਹਾ ਹੈ।


Related News