ਜਾਖੜ ਨੇ ਬਰਾੜ ਪਿਓ-ਪੁੱਤ ਦੀ ਥਾਪੜੀ ਪਿੱਠ

10/19/2017 4:23:05 PM

ਬਾਘਾਪੁਰਾਣਾ (ਚਟਾਨੀ/ਮੁਨੀਸ਼)- ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਵੱਡੀ ਲੀਡ ਨਾਲ ਜੇਤੂ ਰਹੇ ਸੁਨੀਲ ਕੁਮਾਰ ਜਾਖੜ ਨੂੰ ਵਧਾਈ ਦੇਣ ਗਏ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੂੰ ਕਲਾਵੇ 'ਚ ਲੈਂਦਿਆਂ ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ 'ਚ ਦੋਵਾਂ ਪਿਉ-ਪੁੱਤ ਦੀ ਅਹਿਮ ਭੂਮਿਕਾ ਰਹੀ ਹੈ, ਜਿਸ ਲਈ ਉਹ ਦੋਵੇਂ ਧੰਨਵਾਦ ਅਤੇ ਵਧਾਈ ਦੇ ਪਾਤਰ ਹਨ।  ਵਰਨਣਯੋਗ ਹੈ ਕਿ ਕਾਦੀਆਂ ਵਿਧਾਨ ਸਭਾ ਨੂੰ ਸੰਵੇਦਨਸ਼ੀਲ ਸਮਝਦਿਆਂ ਇਸ ਹਲਕੇ 'ਚ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਬਰਾੜ ਨੇ ਜੁਝਾਰੂ ਆਗੂ ਹੋਣ ਕਰ ਕੇ ਇਸ ਹਲਕੇ ਦੀ ਕਮਾਨ ਦਿੱਤੀ ਗਈ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਤਾਏ ਗਏ ਭਰੋਸੇ ਨੂੰ ਹਕੀਕਤ 'ਚ ਬਦਲਦਿਆਂ ਦੋਵਾਂ ਪਿਉ-ਪੁੱਤ ਨੇ 11 ਹਜ਼ਾਰ ਦੀ 2017 ਵਾਲੀ ਲੀਡ ਨੂੰ 26 ਹਜ਼ਾਰ ਦੇ ਅੰਕੜੇ ਤੱਕ ਪੁੱਜਦੀ ਕੀਤੀ। ਸ਼੍ਰੀ ਜਾਖੜ ਨੇ ਦੋਵਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਕੈਪਟਨ ਸਾਹਿਬ ਦੀਆਂ ਉਸਾਰੂ ਨੀਤੀਆਂ ਅਤੇ ਕਾਂਗਰਸੀ ਵਰਕਰਾਂ ਦੀ ਸਖਤ ਮਿਹਨਤ ਸਦਕਾ ਹੀ ਪਾਰਟੀ ਦੀ ਝੋਲੀ 'ਚ ਇਹ ਵੱਡੀ ਜਿੱਤ ਪਈ ਹੈ। 
ਸ਼੍ਰੀ ਜਾਖੜ ਨੇ ਕਾਦੀਆਂ ਹਲਕੇ ਅੰਦਰਲੇ ਫੁੰਕਾਰੇ ਮਾਰਨ ਵਾਲੇ ਅਕਾਲੀ ਆਗੂਆਂ ਦੀਆਂ ਹੁੱਲੜਬਾਜ਼ੀਆਂ ਨੂੰ ਕਮਲਜੀਤ ਸਿੰਘ ਬਰਾੜ ਦੀ ਟੀਮ ਵੱਲੋਂ ਠੱਲ੍ਹਣ ਅਤੇ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਕਰਨ ਲਈ ਪਿੱਠ ਥਾਪੜਦਿਆਂ ਕਿਹਾ ਕਿ ਪਾਰਟੀ ਨੂੰ ਅਜਿਹੇ ਆਗੂਆਂ 'ਤੇ ਮਾਣ ਹੈ, ਜਿਹੜੇ ਲੋਕਤੰਤਰੀ ਢੰਗ ਨਾਲ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਸਮਰਥ ਹਨ। ਇਸ ਸਮੇਂ ਕਮਲਜੀਤ ਨੇ ਕਿਹਾ ਕਿ ਕਾਦੀਆਂ ਹਲਕੇ ਦੀ ਲੀਡ 'ਚ ਸਮੁੱਚੇ ਯੂਥ ਵਰਕਰਾਂ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਜੁਝਾਰੂ ਟੀਮ ਦੀ ਸਖਤ ਮਿਹਨਤ ਲਈ ਉਹ ਇੰਚਾਰਜ ਹੋਣ ਦੇ ਨਾਤੇ ਵਿਸ਼ੇਸ਼ ਧੰਨਵਾਦੀ ਹਨ।


Related News