ਜੇਲ ''ਚੋਂ ਰਿਹਾਅ ਹੁੰਦੇ ਹੀ ਸੜਕ ''ਚ ਬੇਹੋਸ਼ ਹੋ ਕੇ ਡਿੱਗਾ ਨੌਜਵਾਨ, ਮਚੀ ਹਫੜਾ-ਦਫੜਾ

04/28/2017 12:39:00 PM

ਪਟਿਆਲਾ, (ਬਲਜਿੰਦਰ) - ਕੇਂਦਰੀ ਜੇਲ ਪਟਿਆਲਾ ''ਚ ਬੰਦ ਕੀਤੇ ਗਏ ਪਰਲ ਨਿਵੇਸ਼ਕਾਂ ਵੱਲੋਂ ਜੇਲ ''ਚ ਹੀ ਭੁੱਖ ਹੜਤਾਲ ਦਾ ਮਾਮਲਾ ਉਦੋਂ ਹੋਰ ਗਰਮਾ ਗਿਆ ਜਦੋਂ ਵੀਰਵਾਰ ਜੇਲ ''ਚ ਭੁੱਖ ਹੜਤਾਲ ''ਤੇ ਬੈਠਾ ਬੇਅੰਤ ਸਿੰਘ ਰਿਹਾਅ ਹੁੰਦੇ ਹੀ ਬਾਹਰ ਸੜਕ ''ਤੇ ਆ ਕੇ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ। ਉਸ ਨੂੰ ਦੇਖ ਕੇ ਚਾਰੇ ਪਾਸੇ ਹਫੜਾ-ਦਫੜੀ ਫੈਲ ਗਈ। ਤੁਰੰਤ ਸਾਥੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਸਾਥੀ ਐਂਬੂਲੈਂਸ ਨੂੰ ਕਾਲ ਕਰਨ ਲੱਗ ਪਏ। ਇਸ ਦੌਰਾਨ ਥਾਣਾ ਸਿਵਲ ਲਾਈਨਜ਼ ਦੇ ਐੱਸ. ਐੱਚ. ਓ. ਇੰਸ. ਜੇ. ਐੱਸ. ਰੰਧਾਵਾ ਪੁਲਸ ਪਾਰਟੀ ਸਮੇਤ ਮੌਕੇ ''ਤੇ ਪਹੁੰਚ ਗਏ। ਉਨ੍ਹਾਂ ਮੌਕਾ ਸੰਭਾਲਦੇ ਹੋਏ ਬੇਅੰਤ ਸਿੰਘ ਨੂੰ ਸਰਕਾਰੀ ਰਜਿੰਦਰਾ ਹਸਪਤਾਲ ''ਚ ਇਲਾਜ ਲਈ ਦਾਖਲ ਕਰਵਾ ਦਿੱਤਾ। 
ਦਰਜਨ ਤੋਂ ਜ਼ਿਆਦਾ ਨਿਵੇਸ਼ਕ ਅਜੇ ਵੀ ਜੇਲ ''ਚ ਭੁੱਖ ਹੜਤਾਲ ''ਤੇ : ਗਾਗੜਾ
ਨਿਵੇਸ਼ਕਾਂ ਦੀ ਅਗਵਾਈ ਕਰ ਰਹੇ ਡਾ. ਬਲਰਾਜ ਸਿੰਘ ਗਾਗੜਾ ਨੇ ਦੱਸਿਆ ਕਿ ਜੋਗਾ ਸਿੰਘ, ਗਗਨਦੀਪ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਮੁਹੰਮਦ ਨਾਸਰ, ਸਤਬੀਰ ਸਿੰਘ, ਹਰਨੇਕ ਸਿੰਘ, ਸੰਦੀਪ ਕੁਮਾਰ, ਬੇਅੰਤ ਸਿੰਘ, ਰਾਮ ਦਾਸ ਸਿੰਘ, ਗੋਪਾਲ ਲਾਲ, ਬਲਦੇਵ ਰਾਜ ਤੇ ਦਰਸ਼ਨ ਸਿੰਘ ਆਦਿ ਨਿਵੇਸ਼ਕ ਅਜੇ ਵੀ ਜੇਲ ਦੇ ਅੰਦਰ ਭੁੱਖ ਹੜਤਾਲ ''ਤੇ ਹਨ। 100 ਦੇ ਲਗਭਗ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ। 
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਰਲ ਨਿਵੇਸ਼ਕਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ। ਚੋਣਾਂ ਦੌਰਾਨ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਪਰਲ ਨਿਵੇਸ਼ਕਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਆਉਂਦੇ ਹੀ ਨਿਵੇਸ਼ਕਾਂ ਨੂੰ ਇਨਸਾਫ ਤਾਂ ਕੀ ਦੇਣਾ ਸੀ? ਉਨ੍ਹਾਂ ''ਤੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਧੱਕੇਸ਼ਾਹੀ ਉਹ ਕਿਸੇ ਵੀ ਕੀਮਤ ''ਤੇ ਬਰਦਾਸ਼ਤ ਨਹੀਂ ਕਰਨਗੇ। ਜਲਦੀ ਹੀ ਪੰਜਾਬ ਭਰ ਵਿਚ ਇਕ ਵਿਸ਼ਾਲ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਨਿਵੇਸ਼ਕਾਂ ਵੱਲੋਂ ਆਪਣੇ ਖੂਨ-ਪਸੀਨੇ ਦੀ ਨਿਵੇਸ਼ ਕੀਤੀ ਗਈ ਕਮਾਈ ਨੂੰ ਮੁੜ ਵਸੂਲਿਆ ਜਾ ਸਕੇ। ਇਥੇ ਦੱਸਣਯੋਗ ਹੈ ਕਿ ਪਰਲ ਨਿਵੇਸ਼ਕਾਂ ਨੇ 2 ਦਿਨ ਪਹਿਲਾਂ ਗਿਆਨ ਸਾਗਰ ਹਸਪਤਾਲ ਵਿਚ ਧਰਨਾ ਲਾ ਕੇ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਸੀ। ਉਥੋਂ ਪੁਲਸ ਨੇ ਵੱਡੀ ਗਿਣਤੀ ਵਿਚ ਨਿਵੇਸ਼ਕਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਕਰ ਦਿੱਤਾ ਸੀ। 


Related News