ਕਾਂਗਰਸ ਦੇ ਰਾਜ ਵਿਚ ਔਰਤਾਂ ਅਸੁਰੱਖਿਅਤ : ਜਗੀਰ ਕੌਰ

12/12/2017 6:38:39 AM

ਜਲੰਧਰ(ਬੁਲੰਦ)-ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਆਪਣੀ ਪਾਰਟੀ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਰਾਜ ਵਿਚ ਔਰਤਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਵਿਚ ਉਨ੍ਹਾਂ ਦੀ ਪਾਰਟੀ ਆਗੂ 'ਤੇ ਨਾ ਸਿਰਫ ਜਾਨਲੇਵਾ ਹਮਲਾ ਕੀਤਾ ਗਿਆ ਸਗੋਂ ਉਸਦੇ ਵਾਲ ਕੱਟੇ ਗਏ, ਕੱਪੜੇ ਪਾੜੇ ਗਏ ਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ, ਜਿਸ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਜਗੀਰ ਕੌਰ ਨੇ ਕਿਹਾ ਕਿ ਗੱਲ ਸਿਰਫ ਅਕਾਲੀ ਦਲ ਦੀ ਆਗੂ ਦੀ ਨਹੀਂ ਹੈ, ਔਰਤ ਭਾਵੇਂੇ ਕੋਈ ਵੀ ਹੋਵੇ ਪਰ ਜਿਸ ਤਰ੍ਹਾਂ ਉਸ ਨੂੰ ਜ਼ਲੀਲ ਕੀਤਾ ਗਿਆ ਹੈ, ਉਹ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਕੇਸ ਵਿਚ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਦੇ ਹਨ। ਜੇ ਪੁਲਸ ਉਕਤ ਪੀੜਤ ਔਰਤ ਦੀ ਸ਼ਿਕਾਇਤ 'ਤੇ ਪਹਿਲਾਂ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਦੀ ਤਾਂ ਉਨ੍ਹਾਂ ਦੀ ਇੰਨੀ ਹਿੰਮਤ ਨਾ ਹੁੰਦੀ ਕਿ ਜ਼ਮਾਨਤ 'ਤੇ ਛੁੱਟਣ ਤੋਂ ਬਾਅਦ ਉਹ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰਦੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸਾਰੇ ਦੋਸ਼ੀਆਂ 'ਤੇ ਧਾਰਾ 307, 295 ਤੇ ਆਈ. ਟੀ. ਐਕਟ 66 ਏ ਦੇ ਤਹਿਤ ਕੇਸ ਦਰਜ ਨਹੀਂ ਕਰਦੀ ਤਾਂ ਅਕਾਲੀ ਦਲ ਸੰਘਰਸ਼ ਕਰੇਗਾ। 
ਉਨ੍ਹਾਂ ਕਿਹਾ ਕਿ ਭੁਲੱਥ ਅਤੇ ਬੇਗੋਵਾਲ ਵਿਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸਾਰੇ ਵਾਰਡਾਂ ਵਿਚ ਕਾਂਗਰਸੀਆਂ ਵਲੋਂ ਸ਼ਰੇਆਮ ਨਸ਼ਾ ਵੰਡਿਆ ਜਾ ਰਿਹਾ ਹੈ ਅਤੇ ਅਕਾਲੀ ਨੇਤਾਵਾਂ ਅਤੇ ਉਮੀਦਵਾਰਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇ ਕਿਸੇ ਨੇ ਕਾਂਗਰਸ ਦੇ ਵਿਰੁੱਧ ਪ੍ਰਚਾਰ ਕੀਤਾ ਤਾਂ ਉਸ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਫਸਾ ਕੇ ਅੰਦਰ ਕਰ ਦਿੱਤਾ ਜਾਵੇਗਾ। ਪੁਲਸ ਵਾਲੇ ਸ਼ਰੇਆਮ ਕਾਂਗਰਸ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਪੁਲਸ ਵਿਭਾਗ ਨੂੰ ਘੇਰਦੇ ਹੋਏ ਕਿਹਾ ਕਿ ਜੋ ਪੁਲਸ ਵਾਲੇ ਨਸ਼ਾ ਸਮੱਗਲਿੰਗ ਨੂੰ ਹੱਲਾਸ਼ੇਰੀ ਦੇ ਰਹੇ ਹਨ ਅਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਧਮਕਾ ਕੇ ਪੰਚਾਇਤੀ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਰੋਕ ਰਹੇ ਹਨ, ਨੂੰ ਬਖਸ਼ਿਆ ਨਹੀਂ ਜਾਵੇਗਾ ।


Related News