ਜੱਗੀ ਜੌਹਲ ਦਾ 4 ਦਿਨਾ ਰਿਮਾਂਡ ਕੀਤਾ ਹਾਸਲ

12/12/2017 6:35:07 AM

ਖੰਨਾ(ਸੁਨੀਲ)-ਵੱਖ-ਵੱਖ ਮਾਮਲਿਆਂ 'ਚ ਗ੍ਰਿਫ਼ਤਾਰ ਸ਼ਾਰਪ-ਸ਼ੂਟਰ ਹਰਦੀਪ ਸਿੰਘ ਸ਼ੇਰਾ ਤੇ ਉਸਦੇ ਸਾਥੀਆਂ ਰਮਨਦੀਪ ਸਿੰਘ ਤੋਂ ਖੰਨਾ ਪੁਲਸ ਦੀਆਂ ਵਿਸ਼ੇਸ਼ ਟੀਮਾਂ ਪੁੱਛਗਿੱਛ 'ਚ ਜੁਟੀਆਂ ਹਨ। ਖੰਨਾ ਪੁਲਸ ਵੱਲੋਂ ਅੱਜ ਸ਼ੇਰਾ ਤੇ ਰਮਨਦੀਪ ਨੂੰ ਜੱਜ ਰਾਧੀਕਾ ਪੁਰੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 4 ਦਿਨਾਂ ਦੇ ਰਿਮਾਂਡ ਦੌਰਾਨ ਖੰਨਾ ਪੁਲਸ ਨੂੰ ਸ਼ੇਰਾ ਤੋਂ ਇਕ ਟੈਬ ਬਰਾਮਦ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੇਰਾ ਦਾ ਪੂਰਾ ਨੈੱਟਵਰਕ ਵੀ ਇਸ ਟੈਬ 'ਚ ਲੁੱਕਿਆ ਹੋ ਸਕਦਾ ਹੈ। ਪੁਲਸ ਤਕਨੀਕੀ ਤਰੀਕਿਆਂ ਨਾਲ ਇਸ ਟੈਬ ਦਾ ਰਿਕਾਰਡ ਜਾਂਚ ਰਹੀ ਹੈ। ਅਦਾਲਤ 'ਚ ਪੁਲਸ ਨੇ ਟੈਬ ਬਰਾਮਦਗੀ ਦੀ ਦਲੀਲ ਦਿੰਦੇ ਹੋਏ ਦੋਵਾਂ ਦਾ ਇਕ ਹਫ਼ਤੇ ਦਾ ਰਿਮਾਂਡ ਮੰਗਿਆ ਸੀ ਪਰ ਬਚਾਅ ਪੱਖ ਦੇ ਵਕੀਲ ਜਗਮੋਹਨ ਸਿੰਘ ਦੀ ਅਪੀਲ 'ਤੇ ਅਦਾਲਤ 'ਚ 3 ਦਿਨਾਂ ਦੇ ਰਿਮਾਂਡ ਦੀ ਹੀ ਆਗਿਆ ਦਿੱਤੀ ਹੈ। ਸ਼ੇਰਾ ਤੇ ਰਮਨਦੀਪ ਦੇ ਵਕੀਲ ਜਗਮੋਹਨ ਸਿੰਘ ਨੇ ਕਿਹਾ ਕਿ ਫਿਲਹਾਲ ਖੰਨਾ ਪੁਲਸ ਦੁਰਗਾ ਗੁਪਤਾ ਹੱਤਿਆਕਾਂਡ ਮਾਮਲੇ 'ਚ ਸ਼ੇਰਾ ਤੇ ਰਮਨਦੀਪ ਤੋਂ ਕੋਈ ਬਰਾਮਦਗੀ ਨਹੀਂ ਕਰ ਸਕੀ ਹੈ। ਰਮਨਦੀਪ ਸਿੰਘ ਦੇ ਮਾਤਾ-ਪਿਤਾ ਸੋਮਵਾਰ ਨੂੰ ਅਦਾਲਤ ਪੁੱਜੇ ਪਰ ਉੱਥੇ ਉਨ੍ਹਾਂ ਨੂੰ ਰਮਨਦੀਪ ਨਾਲ ਮਿਲਣ ਨਹੀਂ ਦਿੱਤਾ ਗਿਆ। ਇਕ ਹੋਰ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਅੱਜ ਇਸ ਕੇਸ ਸਬੰਧੀ ਜਲੰਧਰ ਨਿਵਾਸੀ ਜਗਤਾਰ ਸਿੰਘ ਜੱਗੀ ਜੌਹਲ ਨੂੰ ਲੁਧਿਆਣਾ ਜੇਲ ਤੋਂ ਟ੍ਰਾਂਜਿਟ ਰਿਮਾਂਡ 'ਤੇ ਖੰਨਾ ਲਿਆਉਣ ਮਗਰੋਂ ਉਸਨੂੰ ਵੀ ਮਾਣਯੋਗ ਅਦਾਲਤ 'ਚ ਪੇਸ਼ ਕਰਦੇ ਹੋਏ ਉਸਦਾ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ।


Related News