171 ਪਿੰਡ ''ਤੰਬਾਕੂ'' ਦੀ ਲਪੇਟ ''ਚ

12/11/2017 8:22:12 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ) - ਸਿਹਤ ਵਿਭਾਗ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲੇ 'ਚੋਂ ਤੰਬਾਕੂ ਦਾ ਖਾਤਮਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਤੰਬਾਕੂ ਤੇ ਤੰਬਾਕੂ ਤੋਂ ਬਣਨ ਵਾਲੇ ਪਦਾਰਥਾਂ 'ਤੇ ਕੰਟਰੋਲ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਕੋਟਪਾ ਐਕਟ ਅਧੀਨ ਗਤੀਵਿਧੀਆਂ ਲਗਾਤਾਰ ਜਾਰੀ ਹਨ। ਤੰਬਾਕੂ ਦਾ ਸੇਵਨ ਰੋਕਣ ਲਈ ਵਿਭਾਗ ਵੱਲੋਂ ਸਹੁੰ ਚੁੱਕ ਸਮਾਗਮ ਵੀ ਕਰਵਾਏ ਜਾ ਰਹੇ ਹਨ। ਇਸ ਸਭ ਕੁਝ ਤੋਂ ਸਿਹਤ ਵਿਭਾਗ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲੇ ਦੇ ਕੁਲ 241 ਪਿੰਡਾਂ 'ਚੋਂ 70 ਪਿੰਡਾਂ ਨੂੰ ਸਿਹਤ ਵਿਭਾਗ ਵੱਲੋਂ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ, ਜਦਕਿ ਹੋਰ ਪਿੰਡਾਂ ਨੂੰ ਵੀ ਤੰਬਾਕੂ ਮੁਕਤ ਕਰਨ ਲਈ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਉਪਰੋਕਤ ਵਿਸ਼ੇ ਨੂੰ ਲੈ ਕੇ 'ਜਗ ਬਾਣੀ' ਵੱਲੋਂ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਦੌਰਾਨ ਕਈ ਅੰਕੜੇ ਸਾਹਮਣੇ ਆਏ ਹਨ ਤੇ ਇਹ ਵੀ ਪਤਾ ਲੱਗਾ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਨਾਲ ਕਿਹੜੀਆਂ ਭਿਆਨਕ ਬੀਮਾਰੀਆਂ ਮਨੁੱਖਾਂ ਨੂੰ ਲੱਗਦੀਆਂ ਹਨ ਕਿਉਂਕਿ ਮਨੁੱਖੀ ਸਿਹਤ ਲਈ ਤੰਬਾਕੂ ਦੀ ਵਰਤੋਂ ਖਤਰਨਾਕ ਸਾਬਤ ਹੋ ਰਹੀ ਹੈ।
ਦੁਨੀਆ ਭਰ 'ਚ ਹੋ ਰਹੀਆਂ ਮੌਤਾਂ ਦਾ ਵੱਡਾ ਕਾਰਨ ਤੰਬਾਕੂ
ਦੁਨੀਆ ਭਰ 'ਚ ਹੋ ਰਹੀਆਂ ਮੌਤਾਂ ਦਾ ਵੱਡਾ ਕਾਰਨ ਤੰਬਾਕੂ ਹੈ। ਤੰਬਾਕੂ ਨਾਲ ਦੇਸ਼ ਭਰ 'ਚ ਹਰ ਰੋਜ਼ 2200 ਅਤੇ ਹਰ ਸਾਲ 10 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਕੈਂਸਰ ਨਾਲ ਮਰਨ ਵਾਲੇ 100 ਲੋਕਾਂ 'ਚੋਂ 40 ਵਿਅਕਤੀ ਤੰਬਾਕੂ ਦੀ ਭੈੜੀ ਆਦਤ ਕਰ ਕੇ ਮਰਦੇ ਹਨ। ਲਗਭਗ 90 ਫੀਸਦੀ ਮੂੰਹ ਦੇ ਕੈਂਸਰ ਤੰਬਾਕੂ ਖਾਣ ਵਾਲੇ ਲੋਕਾਂ ਨੂੰ ਹੁੰਦੇ ਹਨ। ਤੰਬਾਕੂ ਦਾ ਸੇਵਨ ਕਰਨ ਨਾਲ ਲਕਵਾ, ਦਮਾ, ਦਿਲ ਦੇ ਦੌਰੇ, ਬਾਂਝਪਣ, ਨਾਮਰਦੀ, ਵਾਰ-ਵਾਰ ਗਰਭਪਾਤ ਆਦਿ ਬੀਮਾਰੀਆਂ ਲੱਗਦੀਆਂ ਹਨ ਤੇ ਗਰਭ ਦੌਰਾਨ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਦੂਜਿਆਂ ਲੋਕਾਂ ਦੇ ਮੁਕਾਬਲੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਮੌਤ 10 ਸਾਲ ਪਹਿਲਾਂ ਹੋ ਜਾਂਦੀ ਹੈ। ਸਿਗਰਟ ਪੀਣ ਵਾਲੇ 100 ਬੱਚਿਆਂ 'ਚੋਂ 50 ਬੱਚੇ ਤੰਬਾਕੂ ਨਾਲ ਹੋਣ ਵਾਲੇ ਰੋਗਾਂ ਕਾਰਨ ਭਿਆਨਕ ਬੀਮਾਰੀਆਂ 'ਚ ਜਕੜੇ ਜਾਂਦੇ ਹਨ ਅਤੇ ਕਈ ਮਰ ਜਾਂਦੇ ਹਨ।
ਸਾਰਾ ਸਾਲ ਚੱਲਦੀਆਂ ਹਨ ਗਤੀਵਿਧੀਆਂ
ਜ਼ਿਲਾ ਸਿਹਤ ਇੰਸਪੈਕਟਰ ਭਗਵਾਨ ਦਾਸ ਅਤੇ ਲਾਲ ਚੰਦ ਨੇ ਦੱਸਿਆ ਕਿ ਤੰਬਾਕੂ ਦਾ ਖਾਤਮਾ ਕਰਨ ਲਈ ਸਾਰਾ ਸਾਲ ਹੀ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਹਨ। ਸਾਲ 'ਚ 2 ਵਾਰ 1 ਨਵੰਬਰ ਅਤੇ 1 ਮਈ ਨੂੰ ਨੋ ਤੰਬਾਕੂ ਡੇ ਮਨਾਇਆ ਜਾਂਦਾ ਹੈ। ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸੈਮੀਨਰ ਕਰਵਾਏ ਜਾਂਦੇ ਹਨ, ਰੈਲੀਆਂ ਕੱਢੀਆਂ ਜਾਂਦੀਆਂ ਹਨ। ਪਿੰਡ ਪੱਧਰ ਤੱਕ ਜਾਗਰੂਕਤਾ ਕੈਂਪ ਲਾਏ ਜਾਂਦੇ ਹਨ। ਪੈਰਾ-ਮੈਡੀਕਲ ਸਟਾਫ਼ ਹਰ ਰੋਜ਼ ਸਰਗਰਮ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ 'ਤੇ ਤੰਬਾਕੂ ਉਪਰ 50 ਫੀਸਦੀ ਕੰਟਰੋਲ ਹੋ ਗਿਆ ਹੈ। ਅਸਲ 'ਚ ਜੇਕਰ ਵੇਖਿਆ ਜਾਵੇ ਤਾਂ ਤੰਬਾਕੂ ਦਾ ਸੇਵਨ ਕਰਨਾ ਬਾਕੀ ਸਾਰੇ ਨਸ਼ਿਆਂ ਦੀ ਸ਼ੁਰੂਆਤ ਕਰਨ ਵਾਲੀ ਆਦਤ ਹੈ। ਲੋਕਾਂ ਨੂੰ ਖੁਦ ਵੀ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਤੰਬਾਕੂ ਦਾ ਸੇਵਨ ਕਰਨ ਨਾਲ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਹਨ।


Related News