ਮਾਸੂਮਾਂ ਨੂੰ ਲੱਗਣ ਵਾਲੇ ਟੀਕਿਆਂ ਲਈ ਗਰਮੀ ਦਾ ਮੌਸਮ ਖਤਰਨਾਕ

06/26/2017 7:47:13 AM

ਪਟਿਆਲਾ  (ਪਰਮੀਤ) - ਅੰਤਾਂ ਦੀ ਗਰਮੀ ਦਾ ਇਹ ਮੌਸਮ ਨੰਨ੍ਹੇ-ਮੁੰਨੇ ਮਾਸੂਮਾਂ ਲਈ ਉਪਲਬਧ ਦਵਾਈਆਂ ਤੇ ਟੀਕਿਆਂ ਦੇ ਮਾਮਲੇ ਵਿਚ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਇਨ੍ਹਾਂ ਮਾਸੂਮਾਂ ਨੂੰ ਮਿਥੇ ਪ੍ਰੋਗਰਾਮ ਅਨੁਸਾਰ ਲਗਦੇ ਟੀਕਿਆਂ ਦੀ ਸਟੋਰੇਜ ਦੇ ਮਾਮਲੇ 'ਤੇ ਥੋੜ੍ਹੀ ਜਿਹੀ ਕੁਤਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਇੰਨਾ ਹੀ ਨਹੀਂ, ਗਰਮੀ ਦਾ ਇਹ ਮੌਸਮ ਦਿਲ ਤੇ ਰੋਗਾਂ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਟੀਕਿਆਂ ਤੇ ਦਵਾਈਆਂ ਦੀ ਸਟੋਰੇਜ ਵਾਸਤੇ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਮੈਡੀਕਲ ਸਟੋਰ ਮਾਲਕਾਂ ਨੂੰ ਪੈ ਰਹੀ ਏ ਦੂਹਰੀ ਮਾਰ
ਇਸ ਮਾਮਲੇ ਵਿਚ ਜਦੋਂ ਸ਼ਰਮਾ ਮੈਡੀਕੋਜ਼ ਦੇ ਬਿੰਦੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮੌਸਮ 'ਚ ਮੈਡੀਕਲ ਸਟੋਰ ਵਾਲਿਆਂ ਨੂੰ ਦੂਹਰੀ ਮਾਰ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ ਹਰ ਦਵਾਈ ਦੇ ਉੱਪਰ ਇਸ ਦੀ ਸਟੋਰੇਜ ਲਈ ਹਦਾਇਤਾਂ ਹੁੰਦੀਆਂ ਹਨ। ਹੁਣ ਬਹੁ-ਗਿਣਤੀ ਦਵਾਈਆਂ ਅਜਿਹੀਆਂ ਆ ਰਹੀਆਂ ਹਨ, ਜਿਨ੍ਹਾਂ ਦੀ ਸਟੋਰੇਜ ਲਈ ਵੱਡੇ ਫਰਿਜਾਂ ਦੀ ਜ਼ਰੂਰਤ ਪੈਂਦੀ ਹੈ। ਇਨ੍ਹਾਂ ਦੀ ਕੀਮਤ ਕਈ-ਕਈ ਹਜ਼ਾਰ ਤੇ ਇੱਥੋਂ ਤੱਕ ਕਿ ਲੱਖਾਂ ਤੱਕ ਵੀ ਪਹੁੰਚ ਜਾਂਦੀ ਹੈ।
ਇਸ ਤੋਂ ਵੀ ਵੱਡੀ ਸਮੱਸਿਆ ਬਿਜਲੀ ਦੀ ਸਪਲਾਈ ਦੀ ਹੈ। ਪੰਜਾਬ ਵਿਚ ਇਹ ਮੌਸਮ ਝੋਨੇ ਦੀ ਲੁਆਈ ਦਾ ਸੀਜ਼ਨ ਹੁੰਦਾ ਹੈ। ਇਕ ਪਾਸੇ ਗਰਮੀ ਵਧਦੀ ਹੈ ਤਾਂ ਦੂਜੇ ਪਾਸੇ ਬਿਜਲੀ ਦੇ ਕੱਟ ਸ਼ੁਰੂ ਹੋ ਜਾਂਦੇ ਹਨ।
ਅਜਿਹੇ ਵਿਚ ਜਿੱਥੇ ਵਾਰ-ਵਾਰ ਕੱਟ ਲੱਗਣ ਨਾਲ ਦਵਾਈਆਂ ਦੀ ਸਮਰੱਥਾ ਖਤਮ ਹੁੰਦੀ ਹੈ, ਉਥੇ ਹੀ ਇਨ੍ਹਾਂ ਦਾ ਮਰੀਜ਼ ਦੇ ਸਰੀਰ 'ਤੇ ਉਲਟ ਅਸਰ ਪੈਣ ਦਾ ਡਰ ਬਣ ਜਾਂਦਾ ਹੈ। ਇੱਕ ਹੋਰ ਵੱਡੀ ਮੁਸ਼ਕਲ ਇਹ ਹੈ ਕਿ ਦਵਾਈ ਖਰਾਬ ਹੋਣ ਜਾਂ ਇਸ ਦਾ ਮਰੀਜ਼ 'ਤੇ ਉਲਟ ਪੈਣ 'ਤੇ ਵਿਭਾਗ ਦੇ ਅਧਿਕਾਰੀ ਮੈਡੀਕਲ ਸਟੋਰਾਂ ਵਾਲਿਆਂ ਨੂੰ ਚਿੰਬੜ ਜਾਂਦੇ ਹਨ।
ਬੱਚਿਆਂ ਦੀਆਂ ਦਵਾਈਆਂ ਦੀ ਸਟੋਰੇਜ ਬੇਹੱਦ ਅਹਿਮ
ਬੱਚਿਆਂ ਨੂੰ ਜੋ ਟੀਕੇ ਲਗਦੇ ਹਨ, ਜਿਨ੍ਹਾਂ ਵਿਚ ਡੀ. ਪੀ. ਟੀ., ਹੈਪੇਟਾਈਟਸ ਬੀ., ਆਰ. ਵੀ., ਪੀ. ਸੀ. ਵੀ., ਐੈੱਮ. ਐੈੱਮ. ਆਰ. ਅਤੇ ਵੈਰੀਸੈਲਾ ਆਦਿ ਹਨ, ਦੀ ਸਟੋਰੇਜ ਗਰਮੀ ਦੇ ਇਸ ਮੌਸਮ ਵਿਚ ਵਿਸ਼ੇਸ਼ ਮਹੱਤਤਾ ਰਖਦੀ ਹੈ। ਜੇਕਰ ਇਨ੍ਹਾਂ ਟੀਕਿਆਂ ਦੀ ਸਹੀ ਸਟੋਰੇਜ ਨਾ ਹੋ ਸਕੇ ਤਾਂ ਗਰਮੀ ਦੀ ਬਦੌਲਤ ਇਨ੍ਹਾਂ 'ਤੇ ਇੰਨਾ ਮਾਰੂ ਅਸਰ ਪੈਂਦਾ ਹੈ ਕਿ ਇਹ ਟੀਕੇ ਲਾਉਣਾ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।
ਇਸ ਲਈ ਜਿੱਥੇ ਇਨ੍ਹਾਂ ਦਵਾਈਆਂ ਤੇ ਟੀਕਿਆਂ ਦੀ ਸਟੋਰੇਜ ਵਾਸਤੇ ਵੱਡੇ ਹਸਪਤਾਲਾਂ ਵਿਚ ਵਿਸ਼ੇਸ਼ ਇੰਤਜ਼ਾਮ ਕਰ ਕੇ ਫਰਿਜ ਲਾਏ ਗਏ ਹਨ, ਉਥੇ ਹੀ ਮੈਡੀਕਲ ਸਟੋਰ ਮਾਲਕਾਂ ਨੂੰ ਵੀ ਇਨ੍ਹਾਂ ਦੀ ਸਟੋਰੇਜ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।

Related News