''ਜਗ ਬਾਣੀ'' ''ਚ ਖ਼ਬਰ ਛਪਣ ਤੋਂ ਬਾਅਦ ਖੁੱਲ੍ਹੀ ਨੀਂਦ ਸਿੱਖਿਆ ਵਿਭਾਗ ਨੇ ਸਕੂਲ ''ਚ ਪਹੁੰਚਾਇਆ ਫੂਡ ਗਰੇਨ, ਮਿਡ-ਡੇ-ਮੀਲ ਫਿਰ ਸ਼ੁਰੂ

12/13/2017 5:17:35 AM

ਲੁਧਿਆਣਾ(ਵਿੱਕੀ)- ਫੰਡਾਂ ਤੇ ਰਾਸ਼ਨ ਦੀ ਘਾਟ ਕਾਰਨ ਸਰਕਾਰੀ ਸਕੂਲ 'ਚ ਬੰਦ ਹੋਈ ਮਿਡ-ਡੇ-ਮੀਲ ਸਬੰਧੀ 'ਜਗ ਬਾਣੀ' 'ਚ ਬੀਤੇ ਦਿਨੀਂ ਛਪੀ ਖ਼ਬਰ ਦਾ ਜਿਥੇ ਡਿਪਟੀ ਕਮਿਸ਼ਨਰ ਨੇ ਨੋਟਿਸ ਲਿਆ, ਉਥੇ ਹਰਕਤ ਵਿਚ ਆਏ ਸਿੱਖਿਆ ਵਿਭਾਗ ਵੱਲੋਂ ਸੁਖਦੇਵ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਖਤਮ ਹੋ ਚੁੱਕੇ ਰਾਸ਼ਨ ਦੇ ਤੌਰ 'ਤੇ ਕਣਕ ਅਤੇ ਚੌਲ ਪਹੁੰਚਾਉਣ ਤੋਂ ਬਾਅਦ ਬੱਚਿਆਂ ਲਈ ਮਿਡ-ਡੇ-ਮੀਲ ਫਿਰ ਤੋਂ ਬਣਨਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸਰਕਾਰ ਨੇ ਹੁਣ ਤੱਕ ਸਕੂਲਾਂ ਨੂੰ ਮੀਲ ਚਾਲੂ ਰੱਖਣ ਲਈ ਫੰਡ ਜਾਰੀ ਕਰਨ ਲਈ ਖਜ਼ਾਨੇ ਦਾ ਮੂੰਹ ਨਹੀਂ ਖੋਲ੍ਹਿਆ ਪਰ ਇਸ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਭੁੱਖੇ ਪੇਟ ਘਰ ਨਾ ਮੁੜਨ ਦੇ ਉਦੇਸ਼ ਨੂੰ ਪੂਰਾ ਕਰਦੇ ਹੋਏ ਫਿਰ ਤੋਂ ਆਪਣੀਆਂ ਜੇਬਾਂ 'ਚੋਂ ਪੈਸੇ ਖਰਚ ਕੇ ਮਿਡ-ਡੇ-ਮੀਲ ਸ਼ੁਰੂ ਕੀਤਾ ਹੈ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਸਰਕਾਰੀ ਸਕੂਲਾਂ 'ਚ ਮਿਡ-ਡੇ-ਮੀਲ ਦੇ ਫੰਡ ਸਰਦੀਆਂ ਦੀਆਂ ਹੋਣ ਵਾਲੀਆਂ ਛੁੱਟੀਆਂ ਤੋਂ ਪਹਿਲਾਂ ਪਹੁੰਚ ਜਾਣਗੇ।
ਹੁਣ ਅੱਗੇ ਕੀ
* ਮੰਗਲਵਾਰ ਫਿਰ ਸ਼ੁਰੂ ਹੋਈ ਮਿਡ-ਡੇ-ਮੀਲ
* ਰੋਜ਼ਾਨਾ 1200 ਰੁਪਏ ਦੇ ਕਰੀਬ ਜੇਬ 'ਚੋਂ ਖਰਚ ਕਰਨਗੇ ਟੀਚਰ
* 20 ਦੇ ਬਾਅਦ ਫੰਡ ਜਾਰੀ ਹੋਣ ਦੀ ਸੰਭਾਵਨਾ 
ਖ਼ਬਰ ਛਪਣ ਦੇ ਬਾਅਦ ਡੀ. ਸੀ. ਨੇ ਮੰਗੀ ਸੀ ਰਿਪੋਰਟ
ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਉਕਤ ਕਮੀਆਂ ਨੂੰ ਦਰਸਾਉਂਦੇ ਹੋਏ 'ਜਗ ਬਾਣੀ' ਨੇ 7 ਨਵੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸੁਖਦੇਵ ਨਗਰ 'ਚ 409 ਬੱਚਿਆਂ ਨੂੰ ਮਿਡ-ਡੇ-ਮੀਲ ਬੰਦ ਸੁਰਖੀ ਲਾਈ ਸੀ। ਖ਼ਬਰ ਲਾਉਣ ਦੇ ਅਗਲੇ ਹੀ ਦਿਨ ਡੀ. ਸੀ. ਪ੍ਰਦੀਪ ਅਗਰਵਾਲ ਨੇ ਡੀ. ਈ. ਓ. ਐਲੀਮੈਂਟਰੀ ਨੂੰ ਇਸ ਤਰ੍ਹਾਂ ਦੇ ਸਾਰੇ ਸਕੂਲਾਂ ਦੀ ਡਿਟੇਲ ਭੇਜਣ ਨੂੰ ਕਿਹਾ ਸੀ, ਜਿਥੇ ਫੰਡਾਂ ਅਤੇ ਰਾਸ਼ਨ ਦੇ ਖਤਮ ਹੋਣ ਨਾਲ ਮਿਡ-ਡੇ-ਮੀਲ ਪ੍ਰਭਾਵਿਤ ਹੋ ਰਿਹਾ ਹੈ। ਇਥੇ ਹੀ ਬਸ ਨਹੀਂ ਡੀ. ਈ. ਓ. ਨੇ ਵੀ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ (ਬੀ. ਪੀ. ਈ. ਓਜ਼) ਅਤੇ ਸਕੂਲ ਪ੍ਰਮੁੱਖਾਂ ਮਿਡ-ਡੇ-ਮੀਲ ਬੰਦ ਨਾ ਕਰਨ ਦੇ ਲਈ ਪੱਤਰ ਜਾਰੀ ਕੀਤਾ ਸੀ।
ਵਿਭਾਗ ਨੇ ਤੇਜ਼ ਕੀਤੀ ਪ੍ਰਕਿਰਿਆ
ਸੂਤਰ ਦੱਸਦੇ ਹਨ ਕਿ ਡੀ. ਸੀ. ਵੱਲੋਂ ਰਿਪੋਰਟ ਮੰਗੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਕੂਲਾਂ 'ਚ ਰਾਸ਼ਨ ਪਹੁੰਚਾਉਣ ਦੀ ਪ੍ਰਕਿਰਿਆ 'ਚ ਤੇਜ਼ੀ ਦਿਖਾਈ ਤਾਂ ਕਿ ਕਣਕ ਅਤੇ ਚੌਲ ਪਹੁੰਚਾਉਣ ਤੋਂ ਬਾਅਦ ਸਕੂਲ ਆਪਣੇ ਪੱਧਰ 'ਤੇ ਮਿਡ-ਡੇ-ਮੀਲ ਸ਼ੁਰੂ ਕਰ ਸਕੇ। ਕਰੀਬ 5 ਦਿਨਾਂ ਤੱਕ ਬੰਦ ਰੱਖਣ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਸੁਖਦੇਵ ਨਗਰ ਨੇ 409 ਬੱਚਿਆਂ ਲਈ ਮਿਡ-ਡੇ-ਮੀਲ ਫੂਡ ਗਰੇਨ ਪਹੁੰਚਦੇ ਹੀ ਫਿਰ ਸ਼ੁਰੂ ਕਰ ਦਿੱਤਾ ।
ਕੀ ਹੋਇਆ ਹੁਣ ਤੱਕ
* ਪਹਿਲੀ ਤੋਂ ਪੰਜਵੀਂ ਤੱਕ ਹੈ ਸਕੂਲ
* ਸਕੂਲ 'ਚ ਪੜ੍ਹਦੇ ਹਨ 409 ਵਿਦਿਆਰਥੀ
* 6 ਦਸੰਬਰ ਨੂੰ ਬੰਦ ਹੋਇਆ ਸੀ ਮਿਡ-ਡੇ-ਮੀਲ
* ਫੰਡ ਨਾ ਹੋਣ ਤੋਂ ਇਲਾਵਾ ਸਕੂਲ 'ਚ ਫੂਡ ਗਰੇਨ ਵੀ ਸੀ ਖਤਮ
* 43000 ਰੁਪਏ ਘਾਟੇ 'ਚ ਸੀ ਮਿਡ-ਡੇ-ਮੀਲ ਅਕਾਊਂਟ
* ਤਨਖਾਹ ਨਾ ਆਉਣ ਕਾਰਨ ਅਧਿਆਪਕਾਂ ਨੇ ਕਰ ਦਿੱਤੇ ਹੱਥ ਖੜ੍ਹੇ
* 5 ਦਿਨਾਂ ਤੱਕ ਬੰਦ ਰਿਹਾ ਮਿਡ-ਡੇ-ਮੀਲ


Related News