ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਡਰੱਗ ਸਮੱਗਲਰਾਂ ਨੂੰ ਰਾਹਤ ਤਾਂ ਨਹੀਂ !

Monday, June 19, 2017 4:32 PM
ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਡਰੱਗ ਸਮੱਗਲਰਾਂ ਨੂੰ ਰਾਹਤ ਤਾਂ ਨਹੀਂ !

ਕਪੂਰਥਲਾ (ਭੂਸ਼ਣ)— ਕੀ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ, ਹਥਿਆਰਾਂ ਤੇ ਨਕਦੀ ਦੇ ਨਾਲ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਸ ਦੇ ਚਰਚਿਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਨੇ ਡਰੱਗ ਸਮੱਗਲਰਾਂ ਨੂੰ ਇਸ ਕਦਰ ਰਾਹਤ ਪ੍ਰਦਾਨ ਕਰ ਦਿੱਤੀ ਹੈ ਕਿ ਉਕਤ ਇੰਸਪੈਕਟਰ ਦੀ ਗ੍ਰਿਫਤਾਰੀ ਦੇ ਬਾਅਦ ਸੂਬੇ ਭਰ 'ਚ ਬੀਤੇ 3 ਮਹੀਨਿਆਂ ਤੋਂ ਚਲ ਰਹੀ ਡਰੱਗ ਵਿਰੋਧੀ ਮੁਹਿੰਮ ਦੀ ਰਫਤਾਰ ਜਿਥੇ ਕਾਫ਼ੀ ਹੱਦ ਤੱਕ ਠੰਡੀ ਪੈ ਚੁੱਕੀ ਹੈ, ਉਥੇ ਹੀ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਪੰਜਾਬ ਪੁਲਸ ਦੇ ਜ਼ਿਆਦਾਤਰ ਥਾਣਿਆਂ ਦੇ ਐੱਸ. ਐੱਚ. ਓ. ਅਤੇ ਜੀ. ਓ. ਰੈਂਕ ਦੇ ਅਫਸਰਾਂ 'ਚ ਇਸ ਕਦਰ ਦਹਿਸ਼ਤ ਪੈਦਾ ਹੋ ਗਈ ਹੈ ਕਿ ਉਹ ਕਿਸੇ ਅਣਪਛਾਤੇ ਡਰ ਕਾਰਨ ਨਾ ਤਾਂ ਬੀਤੇ ਇਕ ਹਫ਼ਤੇ ਤੋਂ ਕਿਸੇ ਵੱਡੇ ਡਰੱਗ ਸਮੱਗਲਰ ਨੂੰ ਗ੍ਰਿਫਤਾਰ ਕਰ ਸਕੇ ਹਨ, ਨਾ ਹੀ ਡਰੱਗ ਦੀ ਕੋਈ ਵੱਡੀ ਖੇਪ ਬਰਾਮਦ ਕਰ ਸਕੇ ਹਨ।
ਕਾਰਵਾਈ ਦਾ ਡਰ ਸਤਾਉਣ ਲੱਗਾ ਪੁਲਸ ਕਰਮਚਾਰੀਆਂ ਨੂੰ
ਕਰੋੜਾਂ ਰੁਪਏ ਮੁੱਲ ਦੀ ਡਰੱਗ, ਹਥਿਆਰਾਂ ਤੇ ਲੱਖਾਂ ਰੁਪਏ ਦੀ ਨਕਦੀ ਦੇ ਨਾਲ ਬੀਤੇ ਸੋਮਵਾਰ ਦੀ ਤੜਕਸਾਰ ਐੱਸ. ਟੀ. ਐੱਫ. ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਨੇ ਜਿਥੇ ਪੰਜਾਬ ਪੁਲਸ ਦੇ ਅਕਸ ਨੂੰ ਕਾਫ਼ੀ ਹੱਦ ਤਕ ਦਾਗ-ਦਾਰ ਕੀਤਾ ਹੈ। ਉਥੇ ਹੀ ਇਸ ਅਹਿਮ ਗ੍ਰਿਫਤਾਰੀ ਨਾਲ ਪੰਜਾਬ ਪੁਲਸ ਦੇ ਕਈ ਸੀਨੀਅਰ ਅਫਸਰਾਂ 'ਤੇ ਗਾਜ ਡਿੱਗਣ ਦੀ ਸੰਭਾਵਨਾ ਨਜ਼ਰ ਆਉਣ ਲੱਗ ਪਈ ਹੈ। ਜਦ ਕਿ ਇਸ ਦੌਰਾਨ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਦੌਰਾਨ ਕਈ ਲੋਕਾਂ 'ਤੇ ਪਾਏ ਗਏ ਫਰਜ਼ੀ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਵੀ ਇੰਦਰਜੀਤ ਸਿੰਘ ਦੇ ਨਾਲ ਜੁੜੇ ਕਈ ਜੂਨੀਅਰ ਪੁਲਸ ਕਰਮਚਾਰੀਆਂ ਨੂੰ ਵੀ ਆਪਣੇ 'ਤੇ ਕਾਰਵਾਈ ਦਾ ਡਰ ਸਤਾਉਣ ਲੱਗਾ ਹੈ।
ਡਰੱਗ ਬਰਾਮਦਗੀ ਤੋਂ ਕਤਰਾਅ ਰਹੇ ਪੁਲਸ ਅਫਸਰ
ਸੂਬੇ ਭਰ 'ਚ ਸੁਰਖੀਆਂ 'ਤੇ ਚੱਲ ਰਹੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਮਾਮਲੇ ਨੇ ਸੂਬੇ ਭਰ 'ਚ ਤਾਇਨਾਤ ਵੱਡੀ ਗਿਣਤੀ 'ਚ ਪੁਲਸ ਅਫਸਰਾਂ 'ਚ ਕਿਸੇ ਅਣਪਛਾਤੇ ਡਰ ਦੀ ਦਹਿਸ਼ਤ ਨੂੰ ਇਸ ਕਦਰ ਪੈਦਾ ਕਰ ਦਿੱਤਾ ਹੈ ਕਿ ਉਹ ਹੁਣ ਡਰੱਗ ਵਿਰੋਧੀ ਮੁਹਿੰਮ ਦੇ ਦੌਰਾਨ ਵੱਡੇ ਡਰੱਗ ਸਮੱਗਲਰਾਂ ਨੂੰ ਨਸ਼ੇ ਦੀ ਵੱਡੀ ਖੇਪ ਦੇ ਨਾਲ ਗ੍ਰਿਫਤਾਰ ਕਰਨ ਤੋਂ ਕਤਰਾਉਂਦੇ ਨਜ਼ਰ ਆਉਣ ਲੱਗੇ ਹਨ। ਇੰਦਰਜੀਤ ਗ੍ਰਿਫਤਾਰੀ ਮਾਮਲੇ 'ਚ ਕਈ ਬੇਕਸੂਰ ਲੋਕਾਂ ਦੇ ਬਿਨਾਂ ਕਾਰਨ ਡਰੱਗ ਮਾਮਲਿਆਂ 'ਚ ਫਸਣ ਦੀਆਂ ਚਰਚਾਵਾਂ ਨੂੰ ਵੇਖਦੇ ਹੋਏ ਹੁਣ ਜ਼ਿਆਦਾਤਰ ਪੁਲਸ ਅਫਸਰਾਂ ਨੂੰ ਇਸ ਗੱਲ ਦੀ ਚਿੰਤਾ ਵੀ ਸਤਾਉਣ ਲੱਗੀ ਹੈ ਕਿ ਜੇਕਰ ਉਹ ਭਵਿੱਖ 'ਚ ਡਰੱਗ ਦੀ ਖੇਪ ਨਾਲ ਵੱਡੇ ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕਰਦੇ ਵੀ ਹਨ ਤਾਂ ਉਨ੍ਹਾਂ 'ਤੇ ਗ੍ਰਿਫਤਾਰ ਵਿਅਕਤੀਆਂ ਨੂੰ ਫਰਜ਼ੀ ਤਰੀਕੇ ਨਾਲ ਫਸਾਉਣ ਦੇ ਇਲਜ਼ਾਮ ਲੱਗ ਸਕਦੇ ਹਨ।
ਫਰਾਰ ਡਰੱਗ ਸਮੱਗਲਰਾਂ ਨੂੰ ਮਿਲ ਰਿਹਾ ਹੈ ਭਾਰੀ ਫਾਇਦਾ
3 ਮਹੀਨੇ ਪਹਿਲਾਂ ਸੂਬਾ ਸਰਕਾਰ ਦੇ ਹੁਕਮਾਂ 'ਤੇ ਸਾਰੇ ਜ਼ਿਲਿਆਂ 'ਚ ਸ਼ੁਰੂ ਕੀਤੀ ਗਈ ਡਰੱਗ ਵਿਰੋਧੀ ਮੁਹਿੰਮ ਦੇ ਦੌਰਾਨ ਕੀਤੀ ਗਈ ਸਖਤੀ ਦੇ ਕਾਰਨ ਕਈ ਵੱਡੇ ਡਰੱਗ ਸਮੱਗਲਰ ਆਪਣੇ ਠਿਕਾਣਿਆਂ ਤੋਂ ਫਰਾਰ ਹੋ ਗਏ ਸਨ ਅਤੇ ਇਸ ਦੌਰਾਨ ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗ ਗਏ ਪਰ ਹੁਣ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਹਾਲਾਤ ਇਸ ਕਦਰ ਬਦਲ ਗਏ ਹਨ ਕਿ ਡਰੱਗ ਪ੍ਰਭਾਵਿਤ ਖੇਤਰਾਂ 'ਚ ਪੁਲਸ ਦੀ ਕਾਰਵਾਈ ਠੰਡੀ ਪੈਣ ਨਾਲ ਡਰੱਗ ਸਮੱਗਲਰਾਂ ਨੂੰ ਭਾਰੀ ਫਾਇਦਾ ਮਿਲਦਾ ਨਜ਼ਰ ਆਉਣ ਲੱਗਾ ਹੈ।
ਚੰਗਾ ਕੰਮ ਕਰਨ ਵਾਲੇ ਪੁਲਸ ਅਫਸਰਾਂ ਨੂੰ ਮਿਲਣੇ ਚਾਹੀਦੇ ਹਨ ਦਿਸ਼ਾ ਨਿਰਦੇਸ਼
ਪੰਜਾਬ ਪੁਲਸ ਦਾ ਨਾਮ ਦਾਗ-ਦਾਰ ਕਰਨ ਵਾਲੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਮਾਮਲੇ ਨੇ ਹੁਣ ਸੂਬਾ ਸਰਕਾਰ ਨੂੰ ਪੁਲਸ 'ਚ ਕੰਮ ਕਰ ਰਹੀਆਂ ਕੁਝ ਕਾਲੀਆਂ ਭੇਡਾਂ ਦੇ ਖਿਲਾਫ ਆਪਣੀ ਕਾਰਵਾਈ ਨੂੰ ਹੋਰ ਵੀ ਤੇਜ਼ ਕਰਨਾ ਪਵੇਗਾ। ਉਥੇ ਹੀ ਡਰੱਗ ਵਿਰੋਧੀ ਮੁਹਿੰਮ ਨੂੰ ਲਗਾਤਾਰ ਚਲਾਉਣ ਲਈ ਚੰਗੇ ਅਤੇ ਮਿਹਨਤੀ ਪੁਲਸ ਅਫਸਰਾਂ ਨੂੰ ਖੁੱਲ੍ਹੀ ਛੂਟ ਦੇ ਕੇ ਨਵੇਂ ਦਿਸ਼ਾ-ਨਿਰਦੇਸ਼ ਦੇਣੇ ਚਾਹੀਦੇ ਹਨ ਤਾਂਕਿ ਡਰੱਗ ਸਮੱਗਲਰਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕੇ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ 'ਚ ਕੰਮ ਕਰ ਰਹੀਆਂ ਕਾਲੀਆਂ ਭੇਡਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ, ਉਥੇ ਹੀ ਡਰੱਗ ਵਿਰੋਧੀ ਮੁਹਿੰਮ 'ਚ ਵਧੀਆ ਕੰਮ ਕਰਨ ਵਾਲੇ ਪੁਲਸ ਅਫਸਰਾਂ ਤੇ ਕਰਮਚਾਰੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਅਜਿਹੇ ਪੁਲਸ ਅਫਸਰਾਂ ਅਤੇ ਕਰਮਚਾਰੀਆਂ ਨੂੰ ਪੁਲਸ ਵਿਭਾਗ ਵਲੋਂ ਸਨਮਾਨਿਤ ਕੀਤਾ ਜਾਵੇਗਾ ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!