''ਭਾਰਤ ਦੀ ਜੰਗ-ਏ-ਆਜ਼ਾਦੀ ''ਚ ਪੰਜਾਬੀਆਂ ਦਾ ਯੋਗਦਾਨ'' ਵਿਸ਼ੇ ''ਤੇ ਰਾਸ਼ਟਰੀ ਸੈਮੀਨਾਰ

08/16/2017 5:09:44 PM


ਪਟਿਆਲਾ(ਜੋਸਨ, ਪਰਮੀਤ, ਬਲਜਿੰਦਰ) - ਖਾਲਸਾ ਕਾਲਜ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਆਜ਼ਾਦੀ ਸੰਘਰਸ਼ ਦੇ ਪਹਿਲੇ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਨੂੰ ਸਮਰਪਿਤ 'ਭਾਰਤ ਦੀ ਜੰਗ-ਏ-ਆਜ਼ਾਦੀ ਵਿਚ ਪੰਜਾਬੀਆਂ ਦਾ ਯੋਗਦਾਨ' (ਸਿੱਖ ਸ਼ਹੀਦਾਂ ਦੇ ਸੰਦਰਭ ਵਿਚ) ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। 
ਇਸ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਗਿਆਨ ਦੇ ਇਸ ਸੰਸਾਰ ਵਿਚ ਕੋਈ ਸੀਮਾ ਨਹੀਂ ਹੈ ਪਰ ਦੁਨੀਆ 'ਤੇ ਮਹਾਨ ਕਹਾਉਣ ਵਾਲੇ ਪੋਰਸ ਅਤੇ ਅਕਬਰ ਵਰਗੇ ਬਾਦਸ਼ਾਹਾਂ ਨੂੰ ਵੀ ਪੰਜਾਬ ਦੀ ਧਰਤੀ 'ਤੇ ਮੂੰਹ ਦੀ ਖਾਣੀ ਪਈ। ਸੱਤਾ 'ਤੇ ਕਾਬਜ਼ ਧਿਰ ਦਾ ਇਹ ਫਰਜ਼ ਬਣਦਾ ਹੈ ਕਿ ਪਰਜਾ ਦੀ ਜਾਨ-ਮਾਲ ਅਤੇ ਸਾਂਭ-ਸੰਭਾਲ ਦਾ ਫ਼ਿਕਰ ਕਰਨ। ਇਸ ਆਦਰਸ਼ ਦੀ ਪਾਲਣਾ ਮੁਗਲ ਸ਼ਾਸਕਾਂ ਜਾਂ ਸੱਤਾ 'ਤੇ ਕਾਬਜ਼ ਰਹੀਆਂ ਹੋਰ ਧਿਰਾਂ ਨੇ ਨਹੀਂ ਕੀਤੀ, ਸਿਰਫ਼ ਸਿੱਖਾਂ ਨੇ ਇਸ ਆਦਰਸ਼ ਨੂੰ ਨਿਭਾਇਆ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੀ ਜਾਨ-ਮਾਲ ਦੀ ਰਾਖੀ ਲਈ ਸੰਘਰਸ਼ ਕਰਨ ਦੀ ਜਾਗ ਨਾ ਸਿਰਫ਼ ਸਿੱਖ ਗੁਰੂ ਸਾਹਿਬਾਨ ਨੇ ਲਾਈ, ਸਗੋਂ ਭਗਤਾਂ ਨੇ ਵੀ ਇਸ ਵਿਚ ਯੋਗਦਾਨ ਪਾਇਆ। 
ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਮਸਲਾ ਧਿਆਨ ਦੀ ਮੰਗ ਕਰਦਾ ਹੈ ਕਿ ਭਾਰਤ ਦੀ 'ਜੰਗ-ਏ-ਆਜ਼ਾਦੀ' ਵਿਚ ਅਣਗਿਣਤ ਸ਼ਹੀਦੀਆਂ ਦੇ ਕੇ ਆਪਣਾ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨਾਲ ਅਜੋਕੇ ਦੌਰ ਵਿਚ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਇਹ ਵਿਤਕਰਾ ਪੰਜਾਬੀਆਂ ਦੇ ਘਰ ਉਜਾੜ ਕੇ ਬਣਾਏ ਚੰਡੀਗੜ੍ਹ ਦੇ ਪੰਜਾਬ ਦੇ ਹਿੱਸੇ ਨਾ ਆਉਣ ਦੇ ਰੂਪ ਵਿਚ ਵੀ ਹੈ ਅਤੇ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਰੂਪ 'ਚ ਵੀ ਹੈ। ਉਨ੍ਹਾਂ ਸੈਮੀਨਾਰ ਨੂੰ ਆਯੋਜਿਤ ਕਰਨ ਦੇ ਮਕਸਦ ਨੂੰ ਸਾਂਝਾ ਕਰਦਿਆਂ ਕਿਹਾ ਕਿ ਅੱਜ ਸਮਾਜਿਕ, ਸੱਭਿਆਚਾਰਕ ਅਤੇ ਵਾਤਾਵਰਨ ਨਾਲ ਸੰਬੰਧਿਤ ਜੋ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਉਨ੍ਹਾਂ ਦਾ ਕਾਰਨ ਲੱਭਣ ਦੀ ਲੋੜ ਹੈ। 
ਵਿਸ਼ੇਸ਼ ਬੁਲਾਰੇ ਵਜੋਂ ਪਹੁੰਚੇ ਡਾ. ਸਤੀਸ਼ ਕੁਮਾਰ ਵਰਮਾ ਰਿਟਾਇਰਡ ਪ੍ਰੋਫ਼ੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਕ ਖ਼ਾਸ ਵਰਤਾਰੇ ਦਾ ਨਾਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸਪਤ ਸਿੰਧੂ, ਫਿਰ ਪੰਚਨਦ ਅਤੇ ਪੰਜ-ਆਬ ਬਣਿਆ। ਉਨ੍ਹਾਂ 526 ਸਾਲਾਂ ਦੇ ਸਿੱਖ ਇਤਿਹਾਸ ਨੂੰ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦਸਦੇ ਹੋਏ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਨਾਲ ਹੀ ਸ਼ੁਰੂ ਹੋ ਗਿਆ ਸੀ। 
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਏ ਮਹਿਮਾਨਾਂ ਨੂੰ 'ਜੀ ਆਇਆਂ' ਆਖਿਆ। ਉਨ੍ਹਾਂ ਪ੍ਰਧਾਨ ਸਾਹਿਬ ਦੁਆਰਾ ਕੀਤੇ ਗਏ ਇਸ ਨਿੱਗਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿਚ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਸਾਡਾ ਸਮਾਜ ਜੂਝ ਰਿਹਾ ਹੈ, ਉਸ 'ਚ ਸਹੀ ਸੇਧ ਦੇਣ ਲਈ ਇਹ ਇਕ ਪ੍ਰੇਰਣਾਦਾਇਕ ਯਤਨ ਹੈ। ਉਨ੍ਹਾਂ ਅੰਡੇਮਾਨ ਨਿਕੋਬਾਰ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆ ਕਰਨ ਦੇ ਵਿਸ਼ੇ 'ਤੇ ਵਿਸ਼ੇਸ਼ ਧਿਆਨ ਦਿਵਾਇਆ।ਸੈਮੀਨਾਰ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ, ਭਗਵੰਤ ਸਿੰਘ ਨਿੱਜੀ ਸਹਾਇਕ, ਡਾ. ਗੁਰਵੀਰ ਸਿੰਘ, ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ, ਪ੍ਰੋ. ਅਵਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਲਜਾਂ ਦੇ ਅਧਿਆਪਕ ਸਾਹਿਬਾਨ ਅਤੇ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ. ਹਰਜੀਤ ਕੌਰ ਨੇ ਕੀਤਾ।  


Related News