ਇੰਦਰਜੀਤ ਕੇਸ ''ਚ ਐੱਸ. ਟੀ. ਐੱਫ ਨੇ ਜੋੜੀ ਐਕਸਟੋਰਸ਼ਨ ਦੀ ਧਾਰਾ, ਸਮੱਗਲਰਾਂ ਨੂੰ ਡਰਾ-ਧਮਕਾ ਕੇ ਪ੍ਰਾਪਰਟੀ ਹੜੱਪਣ ਦੇ ਮਿਲੇ ਸਬੂਤ

06/27/2017 9:35:02 AM

ਜਲੰਧਰ (ਪ੍ਰੀਤ)— ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਵਲੋਂ ਸਮੱਗਲਰਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦੀ ਪ੍ਰਾਪਰਟੀ ਹੜੱਪਣ ਦੇ ਸਬੂਤ ਵੀ ਐੱਸ. ਟੀ. ਐੱਫ. ਨੂੰ ਮਿਲ ਗਏ ਹਨ, ਜਿਸ ਦੇ ਆਧਾਰ 'ਤੇ ਐੱਸ. ਟੀ. ਐੱਫ. ਨੇ ਇੰਦਰਜੀਤ ਸਿੰਘ ਖਿਲਾਫ ਦਰਜ ਕੇਸ 'ਚ ਐਕਸਟੋਰਸ਼ਨ ਦੀ ਧਾਰਾ ਵੀ ਜੋੜ ਦਿੱਤੀ ਹੈ। ਉਧਰ ਪੁਲਸ ਰਿਮਾਂਡ ਤੋਂ ਬਾਅਦ ਸੋਮਵਾਰ ਨੂੰ ਇੰਦਰਜੀਤ ਸਿੰਘ ਨੂੰ ਅਦਾਲਤ ਨੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲਗਭਗ ਦੋ ਹਫਤੇ ਪਹਿਲਾਂ ਐੱਸ. ਟੀ. ਐੱਫ. ਨੇ ਇੰਸਪੈਕਟਰ ਇੰਦਰਜੀਤ ਸਿੰਘ 'ਤੇ ਸ਼ਿਕੰਜਾ ਕੱਸਿਆ। ਇੰਦਰਜੀਤ ਸਿੰਘ ਦੇ ਜਲੰਧਰ ਤੇ ਫਗਵਾੜਾ ਸਥਿਤ ਸਰਕਾਰੀ ਕੁਆਰਟਰ ਤੋਂ ਹੈਰੋਇਨ, ਸਮੈਕ, ਅਸਲਾ ਆਦਿ ਬਰਾਮਦ ਕੀਤਾ ਗਿਆ। ਲਗਾਤਾਰ ਉੱਚ ਪੱਧਰੀ ਪੁੱਛਗਿਛ ਦੌਰਾਨ ਇੰਸਪੈਕਟਰ ਇੰਦਰਜੀਤ ਸਿੰਘ ਦਾ ਨੈਕਸਸ ਬ੍ਰੇਕ ਹੋ ਗਿਆ। ਐੱਸ.ਟੀ.ਐੱਫ. ਦਾ ਦਾਅਵਾ ਰਿਹਾ ਕਿ ਇੰਦਰਜੀਤ ਸਿੰਘ ਵਰਦੀ ਦੀ ਆੜ 'ਚ ਸਮੱਗਲਿੰਗ ਦਾ ਧੰਦਾ ਕਰਦਾ ਤੇ ਸਮੱਗਲਰਾਂ ਦੀ ਪ੍ਰਾਪਰਟੀ ਹੜੱਪ ਕਰ ਜਾਂਦਾ। ਪੁਲਸ ਨੇ ਪੁੱਛਗਿਛ ਦੌਰਾਨ ਉਸ ਦੇ ਰਾਜ਼ਦਾਰ ਏ. ਐੱਸ. ਆਈ. ਅਜਾਇਬ ਸਿੰਘ ਤੇ ਸਮੱਗਲਰ ਸਾਬਾ ਨੂੰ ਵੀ ਫਿਰੋਜ਼ਪੁਰ ਜੇਲ ਤੋਂ ਪੁੱਛਗਿਛ 'ਚ ਸ਼ਾਮਲ ਕੀਤਾ ਹੈ। 
ਸੂਤਰਾਂ ਨੇ ਦੱਸਿਆ ਕਿ ਸਾਬਾ ਤੋਂ ਪੁੱਛਗਿਛ 'ਚ ਖੁਲਾਸਾ ਹੋਇਆ ਕਿ ਬੀਤੇ ਸਮੇਂ 'ਚ ਇੰਸਪੈਕਟਰ ਇੰਦਰਜੀਤ ਸਿੰਘ ਨੇ ਜ਼ਿਲਾ ਅੰਮ੍ਰਿਤਸਰ ਦੇ ਛੇਹਰਟਾ ਏਰੀਆ ਦੇ ਸਮੱਗਲਰ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਕੋਲ ਹੈਰੋਇਨ ਬਰਾਮਦ ਕੀਤੀ ਗਈ। ਉਹ ਜੇਲ 'ਚ ਸੀ ਤਾਂ ਇੰਦਰਜੀਤ ਨੇ ਉਸ ਨੂੰ ਡਰਾ ਧਮਕਾ ਕੇ ਉਸ ਦੀ ਲਗਭਗ ਇਕ ਕਰੋੜ ਰੁਪਏ ਦੀ ਕੀਮਤ ਦੀ ਕੋਠੀ ਹੜੱਪ ਲਈ। ਸੂਤਰਾਂ ਮੁਤਾਬਕ ਉਕਤ ਕੋਠੀ ਸਮੱਗਲਰ ਗੁਰਜੀਤ ਸਿੰਘ ਦੀ ਪਤਨੀ ਕੁਲਜੀਤ ਕੌਰ ਦੇ ਨਾਂ 'ਤੇ ਸੀ। ਸਾਬਾ ਜ਼ਰੀਏ ਉਸ ਨੂੰ ਡਰਾਇਆ ਧਮਕਾਇਆ ਗਿਆ ਤੇ ਕੋਠੀ ਦੀ ਰਜਿਸਟਰੀ ਸਾਬਾ ਦੇ ਸਾਲੇ ਬਲਜਿੰਦਰ ਸਿੰਘ ਦੇ ਨਾਂ ਕਰਵਾ ਲਈ ਗਈ। ਸੂਤਰਾਂ ਨੇ ਦੱਸਿਆ ਕਿ ਐੱਸ. ਟੀ. ਐੱਫ. ਨੂੰ ਐਕਸਟੋਰਸ਼ਨ ਸੰਬੰਧੀ ਦਸਤਾਵੇਜ਼ ਮਿਲ ਚੁੱਕੇ ਹਨ। ਕੁਝ ਲੋਕਾਂ ਦੀ ਜਾਂਚ 'ਚ ਸ਼ਾਮਲ ਕਰਕੇ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਦਰਜ ਐੱਫ. ਆਈ. ਆਰ. 'ਚ ਐਕਸਟੋਰਸ਼ਨ ਦੀ ਧਾਰਾ 384 ਵੀ ਜੋੜੀ ਗਈ ਹੈ। ਉਧਰ ਪੁਲਸ ਰਿਮਾਂਡ ਤੋਂ ਬਾਅਦ ਸੋਮਵਾਰ ਇੰਦਰਜੀਤ ਸਿੰਘ ਸਾਬਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਇੰਦਰਜੀਤ ਸਿੰਘ ਤੇ ਸਾਬਾ ਨੂੰ ਨਿਆਂਇਕ ਹਿਰਾਸਤ 'ਚ ਭੇਜਣ ਦੇ ਨਿਰਦੇਸ਼ ਦਿੱਤੇ।
ਇੰਦਰਜੀਤ ਸਿੰਘ, ਉਸ ਦੀ ਪਤਨੀ ਤੇ ਰਿਸ਼ਤੇਦਾਰਾਂ ਦੀ ਪ੍ਰਾਪਰਟੀ ਦੀ ਜਾਂਚ ਸ਼ੁਰੂ
ਐੱਸ. ਟੀ. ਐੱਫ. ਨੇ ਇੰਦਰਜੀਤ ਸਿੰਘ, ਉਸ ਦੀ ਪਤਨੀ ਤੇ ਰਿਸ਼ਤੇਦਾਰਾਂ ਦੀ ਪ੍ਰਾਪਰਟੀ ਦੀ ਜਾਂਚ ਸ਼ੁਰੂ ਕੀਤੀ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇੰਦਰਜੀਤ ਸਿੰਘ ਉਸ ਦੀ ਪਤਨੀ ਦੇ ਨਾਂ 'ਤੇ ਸਿਰਫ ਅੰਮ੍ਰਿਤਸਰ 'ਚ ਵੀ ਕਰੋੜਾਂ ਦੀ ਪ੍ਰਾਪਰਟੀ ਹੈ, ਕਿਉਂਕਿ ਇੰਦਰਜੀਤ ਸਿੰਘ ਦੀ ਮੋਡੈਸ ਓਪਰੈਂਡੀ ਇਹੀ ਰਹੀ ਕਿ ਉਹ ਸਮੱਗਲਰਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦੀ ਪ੍ਰਾਪਰਟੀ ਆਪਣੇ ਰਿਸ਼ਤੇਦਾਰਾਂ ਜਾਂ ਸਾਬਾ ਦੇ ਰਿਸ਼ਤੇਦਾਰਾਂ ਦੇ ਨਾਂ ਕਰਵਾ ਲੈਂਦਾ ਸੀ। ਇਸ ਲਈ ਇੰਦਰਜੀਤ ਸਿੰਘ ਦੇ ਰਿਸ਼ਤੇਦਾਰ ਵੀ ਹੁਣ ਐੱਸ. ਟੀ. ਐੱਫ. ਦੀ ਜਾਂਚ ਦੇ ਦਾਇਰੇ 'ਚ ਹੈ। ਸੂਤਰਾਂ ਨੇ ਦੱਸਿਆ ਕਿ ਐੱਸ. ਟੀ. ਐੱਫ. ਨੇ ਆਪਣੇ ਸੋਰਸਿਸ ਤੋਂ ਪ੍ਰਾਪਰਟੀ ਡਿਟੇਲ ਕਲੈਕਟ ਕਰਵਾਈ ਹੈ, ਜਿਸ ਦੀ ਕੀਮਤ ਲੱਗਭਗ 5 ਕਰੋੜ ਰੁਪਏ ਮਾਪੀ ਜਾ ਰਹੀ ਹੈ। ਐੱਸ. ਟੀ. ਐੱਫ. ਅਧਿਕਾਰੀਆਂ ਨੇ ਨਿਰਦੇਸ਼ ਦਿੱਤੇ ਹਨ ਕਿ ਪ੍ਰਾਪਰਟੀ ਲੋਕੇਟ ਕਰਕੇ ਅਟੈਚ ਕਰਨ ਦੀ ਕਾਰਵਾਈ ਕੀਤੀ ਜਾਵੇ।
ਡੀ. ਸੀ. ਤੇ ਰੈਵੇਨਿਊ ਅਧਿਕਾਰੀਆਂ ਨੂੰ ਲਿਖਿਆ ਪੱਤਰ 
ਸੂਤਰਾਂ ਨੇ ਦੱਸਿਆ ਕਿ ਐੱਸ. ਟੀ. ਐੱਫ. ਅਧਿਕਾਰੀਆਂ ਵਲੋਂ ਅੰਮ੍ਰਿਤਸਰ ਜਲੰਧਰ ਤੇ ਕੁਝ ਹੋਰ ਜ਼ਿਲਿਆਂ ਦੇ ਡੀ. ਸੀ. ਤੇ ਰੈਵੇਨਿਊ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ ਕਿ ਉਸ ਦੇ ਏਰੀਆ 'ਚ ਇੰਦਰਜੀਤ ਸਿੰਘ, ਉਸ ਦੀ ਪਤਨੀ ਜਾਂ ਰਿਸ਼ਤੇਦਾਰਾਂ ਦੇ ਨਾਂ 'ਤੇ ਜੋ ਪ੍ਰਾਪਰਟੀ ਹੈ, ਉਸ ਦੀ ਡਿਟੇਲ ਭੇਜੀ ਜਾਵੇ। ਨਾਲ ਹੀ ਨਿਰਦੇਸ਼ ਦਿੱਤੇ ਹਨ ਕਿ ਉਕਤ ਲੋਕਾਂ ਦੇ ਨਾਵਾਂ ਦੀ ਪ੍ਰਾਪਰਟੀ ਦੀ ਖਰੀਦੋ ਫਰੋਖਤ 'ਤੇ ਰੋਕ ਲਗਾਈ ਜਾਵੇ। ਜ਼ਿਆਦਾ ਪ੍ਰਾਪਰਟੀ ਅੰਮ੍ਰਿਤਸਰ ਏਰੀਆ 'ਚ ਦੱਸੀ ਗਈ ਹੈ।


Related News