ਹਵਾ ਮਾਣਦੇ ਰਹੇ ਅਧਿਕਾਰੀ, ਧੁੱਪੇ ਬੈਠੇ ਰਹੇ ਨੰਨ੍ਹੇ-ਮੁੰਨੇ  (Pics)

08/17/2017 12:41:22 PM

ਬੰਗਾ(ਭਟੋਆ)— ਆਜ਼ਾਦੀ ਦਿਹਾੜਾ ਸਬ ਡਿਵੀਜ਼ਨ ਬੰਗਾ ਵੱਲੋਂ ਸਿੱਖ ਨੈਸ਼ਨਲ ਕਾਲਜ ਦੀ ਗਰਾਊਂਡ 'ਚ ਮਨਾਇਆ ਗਿਆ, ਜਿੱਥੇ ਪ੍ਰਬੰਧਾਂ ਦੀ ਕਮੀ ਦੇਖਣ ਨੂੰ ਮਿਲੀ। ਤਿਰੰਗਾ ਮਿੱਥੇ ਸਮੇਂ ਤੋਂ ਥੋੜ੍ਹੀ ਦੇਰੀ ਨਾਲ ਲਹਿਰਾਇਆ ਗਿਆ। ਇਸ ਦੇਰੀ ਨੂੰ ਐੱਸ. ਡੀ. ਐੱਮ. ਦਫਤਰ ਦੇ ਸੁਪਰਡੈਂਟ ਜਤਿੰਦਰ ਸਿੰਘ ਤਾਂ ਮੰਨਦੇ ਹਨ ਪਰ ਐੱਸ. ਡੀ. ਐੱਮ. ਹਰਚਰਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਤਿਰੰਗਾ ਸਮੇਂ 'ਤੇ ਹੀ ਲਹਿਰਾਇਆ। ਇਸ ਤੋਂ ਇਲਾਵਾ ਸਮਾਗਮ 'ਚ ਸਭ ਤੋਂ ਵੱਡੀ ਕਮੀ ਇਹ ਦੇਖੀ ਗਈ ਕਿ ਮੰਚ 'ਤੇ ਮਹਿਮਾਨਾਂ ਲਈ ਤਾਂ ਧੁੱਪ ਤੋਂ ਬਚਣ ਲਈ ਪ੍ਰਬੰਧ ਸਨ ਅਤੇ ਗਰਮੀ ਤੋਂ ਬਚਣ ਲਈ ਪੱਖੇ ਵੀ ਸਨ ਪਰ ਨੰਨ੍ਹੇ ਬੱਚੇ ਬਿਨਾਂ ਛਾਂ ਦੇ ਕੜਕਦੀ ਧੁੱਪ 'ਚ ਬੈਠੇ ਰਹੇ।
ਤਿਆਰੀਆਂ ਦੇ ਦਾਅਵੇ ਹੋਏ ਹਵਾ
ਇਸ ਸਮਾਗਮ ਦੀਆਂ ਤਿਆਰੀਆਂ ਲਈ ਅਧਿਕਾਰੀਆਂ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਅੱਧਾ ਦਰਜਨ ਤੋਂ ਵੱਧ ਬੈਠਕਾਂ ਕੀਤੀਆਂ ਪਰ ਇਸ ਦੇ ਬਾਵਜੂਦ ਜਦੋਂ ਇਨ੍ਹਾਂ ਤਿਆਰੀਆਂ 'ਚ ਇੰਨੀਆਂ ਕਮੀਆਂ ਦੇਖਣ ਨੂੰ ਮਿਲੀਆਂ ਤਾਂ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਿਰ ਇਨ੍ਹਾਂ ਅਧਿਕਾਰੀਆਂ ਨੇ ਇਨ੍ਹਾਂ ਬੈਠਕਾਂ 'ਚ ਕੀ ਕੀਤਾ?

PunjabKesari

ਕਾਰਗਿਲ ਦੇ ਸ਼ਹੀਦ ਨੂੰ ਭੁੱਲਿਆ ਪ੍ਰਸ਼ਾਸਨ
ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਪ੍ਰਸ਼ਾਸਨ ਪਿੰਡ ਪੱਦੀ ਮੱਟਵਾਲੀ ਦੇ ਕਾਰਗਿਲ ਸ਼ਹੀਦ ਦਲਵਿੰਦਰ ਸਿੰਘ ਦੇ ਪਰਿਵਾਰ ਨੂੰ ਭੁੱਲ ਗਿਆ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਸਾਰੇ ਸਰਕਾਰੀ ਸਮਾਗਮਾਂ 'ਚ ਇਸ ਪਰਿਵਾਰ ਦਾ ਮੈਂਬਰ ਸੱਦ ਕੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਂਦਾ ਰਿਹਾ ਪਰ ਸਮਾਗਮ ਦੌਰਾਨ ਇਸ ਪਰਿਵਾਰ ਦਾ ਲਿਸਟ 'ਚ ਨਾਂ ਗਾਇਬ ਸੀ। ਉਧਰ, ਪ੍ਰਸ਼ਾਸਨ ਵੱਲੋਂ ਇਸ ਪਰਿਵਾਰ ਨੂੰ ਨਜ਼ਰਅੰਦਾਜ਼ ਕਰਨ 'ਤੇ ਬਾਬਾ ਦਵਿੰਦਰ ਕੌੜਾ ਅਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਇਸ ਭੁੱਲ ਨੂੰ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਦੱਸਿਆ। ਇਸ ਮਾਮਲੇ 'ਤੇ ਡੀ. ਸੀ. ਸੋਨਾਲੀ ਗਿਰੀ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ। ਜੇਕਰ ਅਜਿਹਾ ਕੁਝ ਸਾਹਮਣੇ ਆਇਆ ਤਾਂ ਜ਼ਿੰਮੇਵਾਰ ਅਧਿਕਾਰੀ 'ਤੇ ਕਾਰਵਾਈ ਹੋਵੇਗੀ।


Related News