ਆਜ਼ਾਦੀ ਦਿਵਸ ਮੌਕੇ ਕੈਪਟਨ ਨੇ ਕੀਤਾ ਵੱਡਾ ਐਲਾਨ, ਸਾਰਾਗੜੀ ਦਿਵਸ ਦੇ ਤੌਰ 'ਤੇ ਮਨਾਇਆ ਜਾਵੇਗਾ 12 ਸਤੰਬਰ

08/15/2017 11:11:44 AM

ਗੁਰਦਾਸਪੁਰ/ਟਿੱਬਰੀ ਛਾਉਣੀ— ਪੰਜਾਬ ਸਰਕਾਰ 1897 ਨੂੰ 12 ਸਤੰਬਰ ਵਾਲੇ ਦਿਨ ਹੋਈ ਇਤਿਹਾਸਕ ਸਾਰਾਗੜੀ ਜੰਗ ਦੇ ਸੰਦਰਭ 'ਚ 12 ਸਤੰਬਰ ਸਾਰਾਗੜੀ ਦਿਵਸ ਦੇ ਤੌਰ 'ਤੇ ਮਨਾਂਵੇਗੀ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਹਾੜੇ ਮੌਕੇ 3 ਸਿੱਖ ਰੇਜ਼ੀਮੈਂਟ ਦੇ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। 12 ਸਤੰਬਰ 2017 ਨੂੰ ਫਿਰੋਜ਼ਪੁਰ ਜ਼ਿਲੇ ਦੇ ਸਾਰਾਗੜੀ ਗੁਰਦੁਆਰੇ 'ਚ ਸੂਬਾ ਪੱਧਰ ਸਮਾਰੋਹ ਮਨਾਇਆ ਜਾਵੇਗਾ, ਜਿਸ ਦੀ ਪ੍ਰਧਾਨਗੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰਨਗੇ, ਕਿਉਂਕਿ ਉਸ ਦਿਨ ਮੁੱਖ ਮੰਤਰੀ ਲੰਡਨ 'ਚ ਹੋਣਗੇ, ਜਿੱਥੇ ਉਹ ਸਾਰਾਗੜੀ ਜੰਗ ਸਮਾਰੋਹ ਦੇ ਹਿੱਸੇ ਤੌਰ 'ਤੇ ਸਾਰਾਗੜੀ ਬਾਰੇ ਕਿਤਾਬ ਰਿਲੀਜ਼ ਕਰਨਗੇ। 
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ 12 ਸਤਬੰਰ ਨੂੰ ਇਸ ਦਿਵਸ ਮੌਕੇ ਸੂਬਾ ਪੱਧਰੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ, ਜੋ ਇਸ ਸਾਲ ਤੋਂ ਸ਼ੁਰੂ ਹੋ ਕੇ ਹਰ ਸਾਲ ਹੋਵੇਗੀ। ਕੈਪਟਨ ਦੀ ਅਗਵਾਈ ਵਾਲੇ ਕੈਬਨਿਟ ਨੇ ਇਸ ਸਾਲ ਅਪ੍ਰੈਲ 'ਚ ਸਾਰਾਗੜੀ ਯਾਦਗਾਰ/ਗੁਰਦੁਆਰਾ ਦੇ ਪ੍ਰਬੰਧ ਦਾ ਕੰਮ ਸਾਰਾਗੜੀ ਯਾਦਗਾਰ ਟਰੱਸਟ, ਫਿਰੋਜ਼ਪੁਰ ਪ੍ਰਸ਼ਾਸਨ ਦਾ ਕੰਮ ਸੌਂਪਣ ਦਾ ਫੈਸਲਾ ਕੀਤਾ ਸੀ, ਜਿਸ ਨਾਲ ਇਸ ਇਤਿਹਾਸਕ ਸਥਾਨ ਦੇ ਵਧੀਆ ਤਰੀਕੇ ਦਾ ਨਾਲ ਰੱਖ-ਰਖਾਅ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਟਰੱਸਟ 'ਚ ਫੌਜ 'ਚ ਸੇਵਾ ਕਰਦੇ ਫੌਜੀ, ਸਾਬਕਾ ਫੌਜੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਕੈਬਨਿਟ ਨੇ ਫਿਰੋਜ਼ਪੁਰ ਜ਼ਿਲੇ ਦੇ ਫਿਰੋਜ਼ਪੁਰ ਛਾਉਣੀ 'ਚ ਸਥਾਪਤ ਇਸ ਇਤਿਹਾਸਕ ਸਥਾਨ ਦੀ ਸੰਭਾਲ ਲਈ ਸਭ ਤੋਂ ਵਧੀਆ ਮੰਨਿਆ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ 12 ਸਤੰਬਰ 1897 ਨੂੰ ਹੋਈ ਇਤਿਹਾਸਕ ਸਾਰਾਗੜੀ ਜੰਗ ਬਾਰੇ ਆਪਣੀ ਕਿਤਾਬ ਦੇ ਰਿਲੀਜ਼ ਸਮਾਰੋਹ ਮੌਕੇ ਇਸ ਗੁਰਦੁਆਰੇ ਦੀ ਸੰਭਾਲ ਦਾ ਕੰਮ ਟਰੱਸਟ ਦੇ ਹਵਾਲੇ ਕਰਨ ਦੀ ਇੱਛਾ ਰੱਖਦੀ ਹੈ। ਇਸ ਤਰੀਕ 'ਤੇ ਹੌਲਦਾਰ ਈਸਰ ਸਿੰਘ ਦੀ ਕਮਾਂਡ ਅਧੀਨ ਜੰਗ ਦੌਰਾਨ 21 ਜਵਾਨ ਸ਼ਹੀਦ ਹੋ ਗਏ ਸਨ। ਬ੍ਰਿਟਿਸ਼ ਸਰਕਾਰ ਨੇ 21 ਫੌਜੀਆਂ ਨੂੰ ਸ਼ਹੀਦ ਕਰਾਰ ਦਿੱਤਾ ਸੀ, ਜੋਕਿ 36 ਸਿੱਖ ਰੇਜ਼ੀਮੈਂਟ ਦੇ ਨਾਲ ਸਬੰਧਤ ਸਨ। ਇਨ੍ਹਾਂ ਨੂੰ ਸਭ ਤੋਂ ਉੱਚੀ ਜੰਗੀ ਸਨਮਾਨ 'ਇੰਡੀਅਨ ਆਰਡਰ ਆਫ ਮੈਰਿਟ ਗ੍ਰੇਡ-2' ਦੇ ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਦਿਨ ਹਰ ਸਾਲ 12 ਸਤੰਬਰ ਨੂੰ ਗੁਰਦੁਆਰਾ ਸਾਰਾਗੜੀ ਸਾਹਿਬ 'ਚ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗੁਰਬਾਣੀ ਅਤੇ ਕੀਰਤਨ ਦਰਬਾਰ ਵੀ ਸਮੇਂ-ਸਮੇਂ ਸਾਰਾਗੜੀ 'ਚ ਆਯੋਜਿਤ ਕਰਵਾਇਆ ਜਾਂਦਾ ਹੈ।


Related News