ਰਣਇੰਦਰ ਖਿਲਾਫ ਦਰਜ ਇਨਕਮ ਟੈਕਸ ਦੇ ਕੇਸ ਦੀ ਸੁਣਵਾਈ 20 ਜਨਵਰੀ ਨੂੰ

11/19/2017 8:25:36 AM

ਲੁਧਿਆਣਾ (ਮਹਿਰਾ)-ਇਨਕਮ ਟੈਕਸ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਖਿਲਾਫ ਕੀਤੀ ਗਈ ਫੌਜਦਾਰੀ ਸ਼ਿਕਾਇਤ ਦੀ ਸੁਣਵਾਈ ਹੁਣ 20 ਜਨਵਰੀ ਨੂੰ ਹੋਵੇਗੀ। ਮਾਣਯੋਗ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਵਲੋਂ ਉਪਰੋਕਤ ਮਾਮਲੇ 'ਤੇ ਸਟੇਅ ਆਰਡਰ ਜਾਰੀ ਕੀਤੇ ਜਾਣ ਕਾਰਨ ਅੱਜ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਪਿੰਦਰ ਸਿੰਘ ਦੀ ਅਦਾਲਤ 'ਚ ਇਸ ਮਾਮਲੇ 'ਤੇ ਕੋਈ ਸੁਣਵਾਈ ਨਾ ਹੋ ਸਕੀ। ਜਿਸ 'ਤੇ ਜ਼ਿਲਾ ਕਮਿਸ਼ਨਰ ਨੇ ਇਸ ਨੂੰ 20 ਜਨਵਰੀ 'ਤੇ ਪੈਂਡਿੰਗ ਰੱਖ ਲਿਆ। ਇਨਕਮ ਟੈਕਸ ਵਿਭਾਗ ਦੇ ਵਕੀਲ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਨੇ ਹੇਠਲੀ ਅਦਾਲਤ 'ਚ ਰਣਇੰਦਰ ਸਿੰਘ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਣਇੰਦਰ ਸਿੰਘ ਨੇ ਜਾਣਬੁੱਝ ਕੇ ਇਨਕਮ ਟੈਕਸ ਅਤੇ ਜੁਰਮਾਨੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਇਕ ਅਪਰਾਧ ਹੈ। ਉਨ੍ਹਾਂ ਅਨੁਸਾਰ ਰਣਇੰਦਰ ਸਿੰਘ ਨੇ ਵਿਦੇਸ਼ 'ਚ ਨਿਵੇਸ਼ ਸਬੰਧੀ ਵਿਭਾਗ ਤੋਂ ਕਾਫੀ ਜਾਣਕਾਰੀ ਲੁਕਾਈ ਹੈ।
ਉਥੇ ਇਸ ਮਾਮਲੇ ਵਿਚ ਅਦਾਲਤ ਵਲੋਂ ਰਣਇੰਦਰ ਸਿੰਘ ਨੂੰ ਤਲਬ ਕਰਨ ਦੇ ਉਪਰੋਕਤ ਨਿਰਦੇਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਦਾਇਰ ਕੀਤੀ ਗਈ ਰਵੀਜ਼ਨ ਪਟੀਸ਼ਨ 'ਤੇ ਬਹਿਸ ਵਧੀਕ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ 'ਚ 1 ਦਸੰਬਰ ਨੂੰ ਹੋਵੇਗੀ।


Related News